ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਤੋ ਪੰਜਾਬ ਦੀ ਬਜਾਏ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਅਤੇ ਅਕਾਲੀ ਸਰਕਾਰ ਵਿਚ ਮੰਤਰੀਮੰਡਲ ਤੋ ਲੈਕੇ ਹੋਰ ਸਿਆਸੀ ਉੱਚ ਅਹੁਦਿਆਂ ਤੇ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਬੈਠਾਇਆ ਅਤੇ ਸੱਤਾ ਦਾ ਅਨੰਦ ਲਿਆ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਹੈ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਮਹਿਜ਼ ਇਕ ਡਰਾਮਾ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੱਥੇ ਖੁਦ ਦੋ ਵਾਰ ਡਿਪਟੀ ਮੁੱਖ ਮੰਤਰੀ ਰਹੇ, ਉਥੇ ਹੀ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਵਜ਼ੀਰ ਰਹੀ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਵਿਚ ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਨਪ੍ਰੀਤ ਸਿੰਘ ਬਾਦਲ ਤੋ ਇਲਾਵਾ ਪਰਮਿੰਦਰ ਸਿੰਘ ਸੇਖੋਂ ਵੀ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ ਗਿਆ। ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਰਾ ਪਰਿਵਾਰ ਕੇਂਦਰ ਤੋ ਲੈਕੇ ਪੰਜਾਬ ਮੰਤਰੀਮੰਡਲ ਵਿਚ ਰਿਹਾ ਹੈ ਅਤੇ ਉਸ ਸਮੇਂ ਇਹ ਪੰਜਾਬ ਨੂੰ ਨਹੀ ਬਚਾ ਸਕੇ ਤਾਂ ਹੁਣ ਜਦੋਂ ਲੋਕਾਂ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤਾਂ ਉਹ ਕਿਸ ਮੂੰਹ ਨਾਲ ਪੰਜਾਬ ਨੂੰ ਬਚਾਉਣ ਦੀ ਗੱਲਾਂ ਕੇ ਰਹੇ ਹਨ।
ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਤੋ ਪੰਜਾਬ ਦੀ ਬਜਾਏ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਅਤੇ ਅਕਾਲੀ ਸਰਕਾਰ ਵਿਚ ਮੰਤਰੀਮੰਡਲ ਤੋ ਲੈਕੇ ਹੋਰ ਸਿਆਸੀ ਉੱਚ ਅਹੁਦਿਆਂ ਤੇ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਬੈਠਾਇਆ ਅਤੇ ਸੱਤਾ ਦਾ ਅਨੰਦ ਲਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਤਾਂ ਉਹ ਆਪਣੀ ਸਿਆਸੀ ਧਰਾਤਲ ਮੁੜ ਸਥਾਪਿਤ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜੇਹੇ ਡਰਾਮੇ ਰਚ ਰਹੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਅਸਲੀਅਤ ਵਿਚ ਸੁਖਬੀਰ ਸਿੰਘ ਨੇ ਇਹ ਪੰਜਾਬ ਬਚਾਓ ਨਹੀ ਸਗੋ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਜਿਸ ਨਾਲ ਇਕ ਵਾਰੀ ਫਿਰ ਪੰਜਾਬ ਦੀ ਸੱਤਾ ਤੇ ਉਨ੍ਹਾਂ ਦੇ ਰਿਸ਼ਤੇਦਾਰ ਕਾਬਜ ਹੋਕੇ ਸੂਬੇ ਦੇ ਲੋਕਾਂ ਨੂੰ ਲੁੱਟ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਿਚ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਨੂੰ ਇਨਸਾਫ ਨਹੀ ਦਵਾ ਸਕੇ ਹਨ ਤਾਂ ਪੰਜਾਬ ਦੇ ਲੋਕ ਕਿਸ ਤਰ੍ਹਾਂ ਉਨ੍ਹਾਂ ਤੇ ਭਰੋਸਾ ਕਰਨ ਕਿ ਉਹ ਪੰਜਾਬ ਨੂੰ ਬਚਾਉਣ ਦੀਆਂ ਸੱਚੇ ਦਿਲੋਂ ਗੱਲਾਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ 100 ਸਾਲ ਤੋ ਵੱਧ ਪੁਰਾਣੀ ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਦਰ ਨੀਵਾਂ ਕੀਤਾ ਕਿ ਕਿਸੇ ਸਮੇਂ ਪੰਜਾਬ ਦੀ ਪਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਆਏ ਨਤੀਜੇ ਤੋਂ ਬਾਅਦ ਵਿਰੋਧੀ ਧਿਰ ਵਿਚ ਵੀ ਜਗ੍ਹਾ ਨਹੀਂ ਮਿਲੀ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਸੁਖਬੀਰ ਸਿੰਘ ਬਾਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਹਨ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਹਮੇਸ਼ਾਂ ਪੰਜਾਬ ਅਤੇ ਪਾਰਟੀ ਤੋ ਉਪਰ ਰੱਖਿਆ। ਬੀਬੀ ਗੁਲਸ਼ਨ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਵੀ ਕੇਵਲ ਆਪਣੇ ਸਖੇ -ਸਬੰਧੀਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ।