ਨਵੀਂ ਦਿੱਲੀ— ਵਿਸ਼ਵ ਪੱਧਰ ‘ਤੇ ਭਾਰਤ ਦਾ ਕੱਦ ਲਗਾਤਾਰ ਵਧ ਰਿਹਾ ਹੈ। ਰੂਸ-ਯੂਕਰੇਨ ਜੰਗ ਤੋਂ ਲੈ ਕੇ ਆਸੀਆਨ ਸੰਮੇਲਨ ਤੱਕ ਭਾਰਤ ਦੀ ਅਹਿਮੀਅਤ ਸਾਫ਼ ਨਜ਼ਰ ਆ ਰਹੀ ਹੈ। ਇਹ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਨਤੀਜਾ ਹੈ, ਜਿਸ ਕਾਰਨ ਦੁਨੀਆ ਭਰ ‘ਚ ਭਾਰਤ ਦੀ ਮਹੱਤਤਾ ਵਧ ਰਹੀ ਹੈ। ਮੋਦੀ 3.0 ਦੇ 100 ਦਿਨ ਪੂਰੇ ਹੋਣ ਦੇ ਮੌਕੇ ‘ਤੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਯੂਕਰੇਨ ਤੋਂ ਇਟਲੀ ਤੱਕ ‘ਮਿਸ਼ਨ ਮੋਦੀ’ ਦਾ ਕੀ ਮਤਲਬ ਹੈ। ਅਜਿਹੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਬਹੁਤ ਘੱਟ ਹਨ, ਜਿਨ੍ਹਾਂ ਨੇ ਯੁੱਧ ਦੌਰਾਨ ਦੋਵਾਂ ਦੇਸ਼ਾਂ ਦਾ ਦੌਰਾ ਕੀਤਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਵਿੱਚੋਂ ਇੱਕ ਹਨ। ਐਸ ਜੈਸ਼ੰਕਰ ਨੇ ਕਿਹਾ, ‘ਭਾਰਤ ਨੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਸਬੰਧ ਬਣਾਏ ਰੱਖੇ ਹਨ। ਪੀਐਮ ਮੋਦੀ ਇਸ ਸਥਿਤੀ ਵਿੱਚ ਹਨ ਕਿ ਉਹ ਦੋਵੇਂ ਰਾਸ਼ਟਰਪਤੀਆਂ ਨਾਲ ਖੁੱਲ੍ਹ ਕੇ ਬੈਠ ਸਕਦੇ ਹਨ ਅਤੇ ਵਿਸਥਾਰ ਨਾਲ ਗੱਲਬਾਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਜੁਲਾਈ ਵਿੱਚ ਰੂਸ ਅਤੇ ਫਿਰ ਅਗਸਤ ਵਿੱਚ ਯੂਕਰੇਨ ਗਏ ਸਨ। ਅਸੀਂ ਦੂਜੇ ਦੇਸ਼ਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ।