ਜ਼ੀਰਾ 31 ਜੁਲਾਈ – ਐੱਸ ਐੱਸ ਐੱਮ ਗਲੋਬਲ ਸਕੂਲ ਅਤੇ ਐਸ ਐਸ ਮੈਮੋਰੀਅਲ ਪਬਲਿਕ ਸਕੂਲ ਕੱਸੋਆਣਾ ਵਿਖੇ ਐੱਸ ਐੱਸ ਐੱਮ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੰਵਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਸੱਭਿਆਚਾਰਕ ਗੀਤ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਦੌਰਾਨ ਐੱਸ ਐਸ ਐਮ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੰਵਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ, ਅਸੀਂ ਸ਼ਹੀਦਾਂ ਵੱਲੋਂ ਦੇਸ਼ ਹਿੱਤ ਲਈ ਦਿੱਤੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿੱਗ ਮਾਣ ਰਹੇ ਹਾਂ । ਉਨਾਂ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਵੇਂ ਸ਼ਹੀਦ ਊਧਮ ਸਿੰਘ ਸੁਨਾਮ ਵਿੱਚ ਪੈਦਾ ਹੋਏ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਯਤੀਮਖਾਨੇ ਵਿੱਚ ਵੱਡੇ ਹੋਏ । ਉਹਨਾਂ ਨੇ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ ਆਪਣੇ ਅੱਖੀ ਦੇਖਿਆ ਅਤੇ ਬੇਕਸੂਰ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਜਨਰਲ ਡਾਇਰ ਨੂੰ 21 ਸਾਲ ਬਾਅਦ ਲੰਡਨ ਜਾ ਕੇ ਜਨਰਲ ਡਾਇਰ ਨੂੰ ਗੋਲੀ ਨਾਲ ਉਡਾ ਦਿੱਤਾ ਤੇ ਕਿਹਾ ਕਿ ਮੈਂ ਜਲਿਆਂ ਵਾਲੇ ਬਾਗ ਦਾ ਬਦਲਾ ਲੈ ਲਿਆ ਹੈ। ਉਹਨਾਂ ਨੇ ਖੁਦ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਉਹਨਾਂ ਨੂੰ ਅੱਜ ਦੇ ਦਿਨ ਲੰਡਨ ਵਿਖੇ ਫਾਂਸੀ ਦੇ ਦਿੱਤੀ ਗਈ ਸੀ । ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਨਾਲ ਸਬੰਧਤ ਭਾਸ਼ਣ ਮੁਕਾਬਲਿਆਂ ਦੌਰਾਨ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਸ੍ਰ ਕੰਵਲਜੀਤ ਸਿੰਘ ਗਿੱਲ ਅਤੇ ਸਕੂਲ ਮਨੇਜਮੈਂਟ ਵੱਲੋਂ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸਿਮਰਨਜੀਤ ਕੌਰ, ਪ੍ਰਿੰਸੀਪਲ ਰਵਿੰਦਰ ਸਿੰਘ , ਐਕਟੀਵਿਟੀ ਇੰਚਾਰਜ ਮੈਡਮ ਵੀਨੂੰ ਅਤੇ ਗੁਰਪ੍ਰੀਤ ਸਿੰਘ, ਮੈਡਮ ਅਮਨ, ਹਰਪ੍ਰੀਤ ਕੌਰ, ਮੈਡਮ ਸੁਖਪਾਲ ਕੌਰ ਅਤੇ ਰੈੱਡ ਹਾਊਸ ਦਾ ਸਾਰਾ ਸਟਾਫ ਹਾਜ਼ਰ ਸੀ।