ਵਾਇਨਾਡ: 30 ਜੁਲਾਈ, 2024 ਪਿੰਡ ‘ਲਾਪਤਾ’, ਸੜਕਾਂ ਅਤੇ ਪੁਲ ਵਹਿ ਗਏ, ਨਦੀਆਂ ‘ਚ ਤੈਰਦੀਆਂ ਵੇਖੀਆਂ ਲਾਸ਼ਾਂ… ਕੇਰਲ ਦੇ ਵਾਇਨਾਡ ‘ਚ ਮੰਗਲਵਾਰ ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਉਹੀ ਭਿਆਨਕ ਨਜ਼ਾਰਾ ਦੇਖਿਆ। ਵਾਇਨਾਡ ‘ਚ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਸਭ ਤੋਂ ਭਿਆਨਕ ਜ਼ਮੀਨ ਖਿਸਕਣ ‘ਚ ਚੂਰਲਮਾਲਾ ਪਿੰਡ ਦਾ ਵੱਡਾ ਹਿੱਸਾ ਰੁੜ੍ਹ ਗਿਆ। ਬਚਾਅ ਕਰਮਚਾਰੀ, ਜੋ ਬਚੇ ਲੋਕਾਂ ਦੀ ਮਦਦ ਲਈ ਤਾਇਨਾਤ ਕੀਤੇ ਗਏ ਸਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਬਾਹੀ ਦੀ ਹੱਦ ਦਾ ਕੋਈ ਪਤਾ ਨਹੀਂ ਸੀ। ਸਵੇਰੇ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ, ਖੇਤਰ ਵਿੱਚ ਇੱਕ ਤੋਂ ਬਾਅਦ ਇੱਕ 3 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਭਾਰੀ ਢਿੱਗਾਂ ਡਿੱਗਣ ਕਾਰਨ ਚੂਰਲਮਾਲਾ ਕਸਬੇ ਦਾ ਇੱਕ ਹਿੱਸਾ, ਦੁਕਾਨਾਂ ਅਤੇ ਵਾਹਨਾਂ ਸਮੇਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਰਾਤ 2 ਵਜੇ ਦੇ ਕਰੀਬ ਦੋ ਤੋਂ ਤਿੰਨ ਵਾਰ ਢਿੱਗਾਂ ਡਿੱਗੀਆਂ, ਜਿਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਵਾਇਨਾਡ ਜ਼ਿਲੇ ‘ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਮੰਗਲਵਾਰ ਤੜਕੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ… ਇਸ ‘ਚ ਹੋਰ ਵਾਧਾ ਹੋ ਸਕਦਾ ਹੈ ਕਿਉਂਕਿ ਇਸ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ।