ਬਰਨਾਲਾ, 30 ਜੁਲਾਈ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਰਨਾਲਾ ਨੂੰ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਦੋ ਮੁੱਖ ਸਮੱਸਿਆਵਾਂ ਨੂੰ ਲੈਕੇ ਮਿਲਿਆ। ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਮੌਜੂਦ ਨਾਂ ਹੋਣ ਕਰਕੇ ਸੁਪਰਡੈਂਟ ਅਤੇ ਇਨਫੋਰਸਮੈਂਟ ਖੇਤੀਬਾੜੀ ਅਫ਼ਸਰ ਨਾਲ ਗੱਲਬਾਤ ਕੀਤੀ ਗਈ। ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਬਰਨਾਲਾ ਨੇ ਦੱਸਿਆ ਕਿ ਇਤਿਹਾਸਕ ਕਿਸਾਨ ਘੋਲ ਦੌਰਾਨ ਹਰਦਾਸਪੁਰਾ ਦੇ ਸ਼ਹੀਦ ਕਿਸਾਨ ਬਲਵੀਰ ਸਿੰਘ ਨੂੰ ਨੌਕਰੀ ਦੇਣ ਦੇ ਮਸਲੇ ਸਬੰਧੀ ਮੰਗ ਕੀਤੀ ਕਿ ਬਲਵੀਰ ਸਿੰਘ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀ ਦੇਣ ਦਾ ਕੇਸ ਲੰਬੇ ਸਮੇਂ ਤੋਂ ਲਮਕ ਰਿਹਾ ਹੈ। ਹੁਣ ਬਲਵੀਰ ਸਿੰਘ ਦਾ ਪੁੱਤਰ ਭਵਨਪ੍ਰੀਤ ਸਿੰਘ ਨੌਕਰੀ ਦੇ ਯੋਗ ਹੋ ਗਿਆ ਹੈ। ਪ੍ਰੀਵਾਰ ਦਾ ਗੁਜ਼ਰੇ ਦਾ ਕੋਈ ਸਾਧਨ ਨਹੀਂ ਹੈ। ਇਸ ਸਬੰਧੀ 1 ਜੂਨ ਨੂੰ ਛਾਪਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਕੈਂਪ ਦੌਰਾਨ ਵੀ ਜਥੇਬੰਦੀ ਨੇ ਡੀਸੀ ਬਰਨਾਲਾ ਕੋਲੋਂ ਇਸ ਮਾਮਲੇ ਵਿੱਚ ਫੌਰੀ ਦਖਲ ਅੰਦਾਜੀ ਕਰਕੇ ਮਾਮਲਾ ਹੱਲ ਕਰਨ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਹੀ ਨਾਈਵਾਲਾ ਪਿੰਡ ਦੇ ਕਿਸਾਨ ਬਲਵੰਤ ਸਿੰਘ ਦੀ ਮੱਕੀ ਦੀ ਫ਼ਸਲ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਕਿ ਪੂਰੀ ਫ਼ਸਲ ਨੂੰ ਲੱਗੀ ਛੱਲੀ ਵਿੱਚ ਦਾਣਾ ਬਣਿਆ ਹੀ ਨਹੀਂ।