ਨਵੀਂ ਦਿੱਲੀ: 31 ਅਗਸਤ, 2024 ਸਿਹਤ ਮਾਹਿਰਾਂ ਮੁਤਾਬਕ ਸਵੇਰ ਦਾ ਨਾਸ਼ਤਾ ਭਾਰੀ ਅਤੇ ਰਾਤ ਦਾ ਖਾਣਾ ਬਹੁਤ ਹਲਕਾ ਹੋਣਾ ਚਾਹੀਦਾ ਹੈ। ਇਸ ਨਾਲ ਮੈਟਾਬੋਲਿਜ਼ਮ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਭਾਰੀ ਭੋਜਨ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਰਾਤ ਦੇ ਖਾਣੇ ਵਿੱਚ ਬਹੁਤ ਦੇਰ ਨਹੀਂ ਕਰਨੀ ਚਾਹੀਦੀ। ਰਾਤ ਦੇ ਖਾਣੇ ਅਤੇ ਨੀਂਦ ਵਿੱਚ ਘੱਟੋ-ਘੱਟ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਰਾਤ ਦੇ ਖਾਣੇ ਵਿੱਚ ਰੋਟੀ, ਦਾਲ, ਮਿਕਸਡ ਸਬਜ਼ੀਆਂ, ਸਲਾਦ ਅਤੇ ਪੱਤੇਦਾਰ ਹਰੀਆਂ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਪੱਤੇਦਾਰ ਹਰੀਆਂ ਸਬਜ਼ੀਆਂ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਸ ਦਾ ਸੇਵਨ ਕਰਨ ਨਾਲ ਸਿਹਤ ਅਤੇ ਪਾਚਨ ਤੰਤਰ ਦੋਵੇਂ ਠੀਕ ਰਹਿੰਦੇ ਹਨ। ਦਾਲ ਤੋਂ ਬਣੀ ਖਿਚੜੀ, ਦਾਲ ਦਾ ਸੂਪ, ਸਬਜ਼ੀਆਂ ਦਾ ਸਲਾਦ, ਓਟਸ ਅਤੇ ਦਲੀਆ ਰਾਤ ਦੇ ਖਾਣੇ ਲਈ ਵਧੀਆ ਹਨ। ਇਹ ਪਚਣਯੋਗ ਹੁੰਦੇ ਹਨ ਭਾਵ ਆਸਾਨੀ ਨਾਲ ਪਚ ਜਾਂਦੇ ਹਨ। ਸੋ ਕੁੱਲ ਮਿਲਾ ਕੇ ਕਹਿਣ ਵਾਲੀ ਗੱਲ ਇਹ ਹੈ ਕਿ ਭੋਜਨ ਅਜਿਹਾ ਹੋਣਾ ਚਾਹੀਦਾ ਹੈ ਜੋ ਹਜ਼ਮ ਹੋ ਸਕੇ।