ਦੇਹਰਾਦੂਨ, 2 ਫਰਵਰੀ ਉੱਤਰਾਖੰਡ ਸਰਕਾਰ ਵੱਲੋਂ ਸਾਂਝਾ ਸਿਵਲ ਕੋਡ (ਯੂਸੀਸੀ) ਦਾ ਖਰੜਾ ਤਿਆਰ ਕਰਨ ਲਈ ਕਾਇਮ ਕਮੇਟੀ ਨੇ ਅੱਜ ਇਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਖਰੜੇ ਦੇ ਦਸਤਾਵੇਜ਼ ਸੌਂਪੇ। ਇੱਥੇ ਸਮਾਗਮ ਵਿੱਚ ਪੰਜ ਮੈਂਬਰੀ ਕਮੇਟੀ ਦੀ ਚੇਅਰਪਰਸਨ ਅਤੇ ਸੁਪਰੀਮ ਕੋਰਟ ਦੀ ਸਾਬਕਾ ਜੱਜ ਰੰਜਨਾ ਪ੍ਰਕਾਸ਼ ਦੇਸਾਈ ਨੇ ਮੁੱਖ ਮੰਤਰੀ ਧਾਮੀ ਨੂੰ ਯੂਸੀਸੀ ਦਾ ਖਰੜਾ ਸੌਂਪਿਆ। ਇਸ ਦੌਰਾਨ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਯੂਸੀਸੀ ਰਾਜ ਵਿੱਚ ਸਾਰੇ ਨਾਗਰਿਕਾਂ ਲਈ ਇੱਕਸਾਰ ਵਿਆਹ, ਤਲਾਕ, ਜ਼ਮੀਨ, ਜਾਇਦਾਦ ਅਤੇ ਵਿਰਾਸਤ ਕਾਨੂੰਨਾਂ ਲਈ ਸਾਂਝਾ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ, ਚਾਹੇ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ। ਜੇ ਇਸ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਉੱਤਰਾਖੰਡ ਆਜ਼ਾਦੀ ਤੋਂ ਬਾਅਦ ਯੂਸੀਸੀ ਨੂੰ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ। ਯੂਸੀਸੀ ਗੋਆ ਵਿੱਚ ਪੁਰਤਗਾਲੀ ਸ਼ਾਸਨ ਦੇ ਦਿਨਾਂ ਤੋਂ ਲਾਗੂ ਹੈ।