ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਾ ਚੜ੍ਹਾਏ ਜਾਣ ਦੇ ਫ਼ੈਸਲੇ ਨੇ ਸਵਾਰੀਆਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਸਵੇਰੇ ਨੌਕਰੀਪੇਸ਼ਾ ਤੇ ਹੋਰ ਕੰਮਕਾਰ ਲਈ ਜਾਣ ਵਾਲੇ ਲੋਕਾਂ ਨੂੰ ਹੁਣ ਕਈ-ਕਈ ਘੰਟੇ ਸੜਕਾਂ ’ਤੇ ਖੁਆਰ ਹੋਣਾ ਪੈ ਰਿਹਾ ਹੈ। ਇਹੀ ਨਹੀਂ ਸਗੋਂ 52 ਤੋਂ ਵੱਧ ਸਵਾਰੀਆਂ ਨਾ ਚੜ੍ਹਾਏ ਜਾਣ ਕਾਰਨ ਕਈ ਥਾਈਂ ਬੱਸ ਚਾਲਕਾਂ ਤੇ ਕੰਡਕਟਰਾਂ ਨਾਲ ਲੋਕਾਂ ਦੀ ਤਕਰਾਰ ਹੋ ਰਹੀ ਹੈ।ਬੀਤੇ ਦਿਨ ਸੂਬੇ ਵਿੱਚ ਕਈ ਥਾਈਂ ਲੋਕਾਂ ਵੱਲੋਂ ਜਬਰੀ ਬੱਸਾਂ ਰੋਕੇ ਜਾਣ ਦੀਆਂ ਖ਼ਬਰਾਂ ਮਿਲੀਆਂ । ਅਜਿਹੇ ਮਾਹੌਲ ਵਿੱਚ ਸਰਕਾਰ ਖ਼ਿਲਾਫ਼ ਲੋਕਾਂ ਵਿੱਚ ਰੋਹ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਫੌਰੀ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਬੱਸ ਨਾ ਮਿਲਣ ਕਰਕੇ ਬੱਸ ਅੱਡਿਆਂ ’ਤੇ ਸਵਾਰੀਆਂ ਦੀ ਭੀੜ ਲੱਗੀ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੱਸ ਵਿੱਚ ਵੱਧ ਸਵਾਰੀਆਂ ਚੜ੍ਹ ਜਾਣ ਤਾਂ ਕੰਡਕਟਰ ਤੇ ਡਰਾਈਵਰ ਬੱਸ ਨੂੰ ਪਾਸੇ ਲਗਾ ਕੇ ਖੜ੍ਹਾ ਦਿੰਦੇ ਹਨ ਤੇ ਜਦੋਂ ਤੱਕ ਵਾਧੂ ਸਵਾਰੀਆਂ ਉਤਰ ਨਹੀਂ ਜਾਂਦੀਆਂ ਉਹ ਬੱਸ ਨਹੀਂ ਤੋਰਦੇ। ਕਈ ਕੰਡਕਟਰ ਬੱਸ ਦੀ ਸਿਰਫ਼ ਪਿਛਲੀ ਤਾਕੀ ਖੁੱਲ੍ਹੀ ਰੱਖਦੇ ਹਨ ਤਾਂ ਜੋ ਜਿੰਨੀਆਂ ਸੀਟਾਂ ਖਾਲੀ ਹੋਣ, ਓਨੀਆਂ ਹੀ ਸਵਾਰੀਆਂ ਚੜ੍ਹਾਈਆਂ ਜਾ ਸਕਣ।