ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ (PM Justin Trudeau) ਨੇ ਇਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਕਿ ਕੈਨੇਡਾ ਹੁਣ ਘੱਟ ਤਨਖਾਹ ਵਾਲੇ ਆਰਜ਼ੀ ਕਾਮਿਆਂ ਦੀ ਗਿਣਤੀ ਘੱਟ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਮਿਆਂ ਦੀ ਮੰਗ ਹੁਣ ਬਦਲ ਗਈ ਹੈ। ਹੁਣ ਵਪਾਰਕ ਅਦਾਰੇ ਸਥਾਨਕ ਕਾਮਿਆਂ ਤੇ ਨੌਜਵਾਨਾਂ ਨੂੰ ਕੰਮ ‘ਤੇ ਰੱਖਣ। ਹੁਣ ਕੈਨੇਡਾ ‘ਚ ਕੋਈ ਯੋਗਤਾ ਵਾਲੇ (Skilled Worker) ਆਰਜ਼ੀ ਕਾਮੇ ਹੀ ਆਉਣਗੇ ਤੇ ਪੱਕੇ ਹੋਣਗੇ ਜੋ ਆਪਣੇ ਕੰਮ ਲਈ ਵਧੀਆ ਤਨਖਾਹ ਲੈਣ ਦੇ ਹੱਕਦਾਰ ਹੋਣ।
ਰਿਪੋਰਟ ਮੁਤਾਬਕ ਅਗਸਤ 2024 ਦੇ ਅੰਤ ਤਕ ਕੈਨੇਡਾ ‘ਚ ਭਾਰਤੀਆਂ ਦੀ ਗਿਣਤੀ 20 ਲੱਖ ਤਕ ਪਹੁੰਚਣ ਦੀ ਉਮੀਦ ਹੈ। ਸਾਲ 2022 ‘ਚ 118,095 ਭਾਰਤੀ ਕੈਨੇਡਾ ‘ਚ ਪੱਕੇ ਨਿਵਾਸੀ ਬਣ ਗਏ ਹਨ। ਇਸ ਦੇ ਨਾਲ ਹੀ 59,503 ਲੋਕ ਕੈਨੇਡੀਅਨ ਨਾਗਰਿਕ ਬਣ ਗਏ। ਕੈਨੇਡਾ ਨੇ 2024 ਦੀ ਪਹਿਲੀ ਤਿਮਾਹੀ ਵਿੱਚ 37,915 ਨਵੇਂ ਭਾਰਤੀ ਸਥਾਈ ਨਿਵਾਸੀਆਂ ਨੂੰ ਦਾਖਲ ਕੀਤਾ, ਜੋ ਕਿ 2023 ਦੀ ਪਹਿਲੀ ਤਿਮਾਹੀ ਨਾਲੋਂ 8,175 ਘੱਟ ਹੈ।