ਨਵੀਂ ਦਿੱਲੀ: ਜਿਵੇਂ-ਜਿਵੇਂ 13 ਅਗਸਤ 2024 ਦਾ ਸੁਤੰਤਰਤਾ ਦਿਵਸ ਨੇੜੇ ਆ ਰਿਹਾ ਹੈ, ਦੇਸ਼ ਭਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਜਦੋਂ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਅੱਤਵਾਦੀ ਦੇਸ਼ ‘ਚ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ 15 ਅਗਸਤ ਦੇ ਮੌਕੇ ‘ਤੇ ਮਨੁੱਖੀ ਬੰਬ ਦੇ ਰੂਪ ‘ਚ ਹਮਲਾ ਕਰ ਸਕਦੇ ਹਨ। ਇਸ ਖਤਰੇ ਦੇ ਮੱਦੇਨਜ਼ਰ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਵੀਵੀਆਈਪੀਜ਼ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜੰਮੂ-ਕਸ਼ਮੀਰ ‘ਚ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਹੋਰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਲਸ਼ਕਰ-ਏ-ਤੋਇਬਾ, ਟੀਆਰਐਫ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ ਅਤੇ ਇਨ੍ਹਾਂ ਸੰਗਠਨਾਂ ਨੂੰ ਹਮਲੇ ਕਰਨ ਲਈ ਉਕਸਾਉਂਦੀ ਹੈ। ਕਠੂਆ, ਡੋਡਾ, ਊਧਮਪੁਰ, ਪੁੰਛ ਅਤੇ ਰਾਜੌਰੀ ‘ਚ ਹਾਲ ਹੀ ‘ਚ ਹੋਏ ਹਮਲਿਆਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਇਨਪੁਟ ਮਿਲੇ ਹਨ ਕਿ ਹਥਿਆਰਬੰਦ ਅੱਤਵਾਦੀ ਭਾਰਤ ਵਿਚ ਅਜੇ ਵੀ ਮੌਜੂਦ ਹਨ ਅਤੇ ਉਨ੍ਹਾਂ ਦੀ ਯੋਜਨਾ ਅਨੁਸਾਰ ਵੀਆਈਪੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।