ਨਵੀਂ ਦਿੱਲੀ, 5 ਫਰਵਰੀ- ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਲੋਕ ਸਭਾ ’ਚ ਨਸ਼ੇ ਦੇ ਮੁੱਦੇ ਸਮੇਤ ਹੋਰ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਮੈਂ ਇਕੱਲੇ ਆਪਣੇ ਸੂਬੇ ਦੀ ਗੱਲ ਕਰਾਂ ਤਾਂ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਰੋਜ਼ ਨਸ਼ਾ ਸਾਡੇ ਸ਼ਹਿਰ ’ਚ ਆ ਰਿਹਾ ਹੈ। ਪੰਜਾਬ ਦੇ ਹਰ ਕੋਨੇ ’ਚ ਹਰ ਪਿੰਡਾਂ ’ਚ ਕਈ ਥਾਂ ਨਸ਼ਾ ਵਿਕ ਰਿਹਾ ਹੈ। ਹਰ ਘਰ ਦਾ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮਰ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕੀਤਾ ਜਾਵੇਗਾ ਪਰ ਕੁਝ ਨਹੀਂ ਹੋਇਆ। ਪੰਜਾਬ ਦੇ ਹਰ ਕਿਸਾਨ ਪਰਿਵਾਰ ’ਤੇ ਕਰਜ਼ਾ ਹੈ। ਦੇਸ਼ ਦੇ ਕਿਸਾਨਾਂ ’ਤੇ 58 ਫ਼ੀਸਦੀ ਕਰਜ਼ਾ ਚੜਿ੍ਹਆ ਹੈ। ਇਸ ਦੇ ਨਾਲ ਹੀ ਉਨ੍ਹਾਂ ਬੇਰੁਜ਼ਗਾਰੀ, ਖ਼ੁਦਕੁਸ਼ੀਆਂ ਵਰਗੇ ਹੋਰ ਵੀ ਕਈ ਮੁੱਦਿਆਂ ’ਤੇ ਲੋਕ ਸਭਾ ’ਚ ਗੱਲਬਾਤ ਕੀਤੀ ਹੈ।