ਧੂਰੀ,17 ਜੁਲਾਈ – ਡੀ.ਆਈ.ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ‘ਮਿਸ਼ਨ ਸਹਿਯੋਗ’ ਤਹਿਤ ਅੱਜ ਧੂਰੀ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲਿਸ ਤੇ ਪ੍ਰਸ਼ਾਸਨ ਨੂੰ ਵਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇ। ਧੂਰੀ ਦੇ ਪ੍ਰਿੰਸ ਵਿਲਾ ਪੈਲੇਸ ਵਿਖੇ ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਰਵਾਏ ਵਿਸ਼ਾਲ ਜਾਗਰੂਕਤਾ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਪੂਰੇ ਤਨ ਤੇ ਮਨ ਨਾਲ ਤਹੱਈਆ ਕੀਤਾ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਹਰੇਕ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ। ਡੀ.ਆਈ.ਜੀ ਨੇ ਕਿਹਾ ਕਿ ਜਿਹੜੇ ਵਿਅਕਤੀ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਨੂੰ ਇਸ ਕੋਹੜ ਰੂਪੀ ਦਲਦਲ ਵਿੱਚੋਂ ਕੱਢਣ ਲਈ ਵੀ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰਬੰਧਾਂ ਹੇਠ ਚੱਲ ਰਹੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਨਸ਼ਿਆਂ ਦੇ ਰੋਗ ਦਾ ਮਿਆਰੀ ਇਲਾਜ ਕਰਨ ਲਈ ਹਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਜਿਹੜੇ ਵੀ ਵਿਅਕਤੀ ਆਪਣੀ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਮਾੜੀ ਕੁਰੀਤੀ ਵਿੱਚੋਂ ਨਿਕਲ ਕੇ ਤੰਦਰੁਸਤ ਹੋਣਗੇ ਉਨ੍ਹਾਂ ਨੂੰ ਕੌਮੀ ਦਿਹਾੜਿਆਂ ਮੌਕੇ ਸਨਮਾਨਤ ਕੀਤਾ ਜਾਵੇਗਾ। ਹਰਚਰਨ ਸਿੰਘ ਭੁੱਲਰ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਪਿੰਡ ਜਾਂ ਸ਼ਹਿਰੀ ਵਾਰਡ ਨਸ਼ਿਆਂ ਤੋਂ ਮੁਕੰਮਲ ਤੌਰ ’ਤੇ ਮੁਕਤ ਹੋਣਗੇ ਉਨ੍ਹਾਂ ਨੂੰ ਵੀ ਅਜਿਹੇ ਸੈਮੀਨਾਰਾਂ ਦੌਰਾਨ ਜ਼ਿਲ੍ਹਾ ਪੁਲਿਸ ਦੀ ਤਰਫੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਪਿੰਡ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੇ ਬੱਚੇ ਤੇ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਮਾਪਿਆਂ ਤੇ ਸਕੂਲੀ ਅਧਿਆਪਕਾਂ ਦਾ ਵੀ ਇਹ ਨੈਤਿਕ ਫਰਜ ਬਣਦਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਆਦਤਾਂ, ਦੋਸਤਾਂ ਸਮੇਤ ਹਰੇਕ ਗਤੀਵਿਧੀ ’ਤੇ ਪੂਰੀ ਚੌਕਸੀ ਰੱਖਣ ਤਾਂ ਜੋ ਬੱਚੇ ਕਿਸੇ ਮਾੜੀ ਸੰਗਤ ਕਾਰਨ ਨਸ਼ਿਆਂ ਜਿਹੀ ਭੈੜੀ ਆਦਤ ਦਾ ਸ਼ਿਕਾਰ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਨਾਲ ਸਮਾਜ ਸੇਵਕਾਂ ਤੇ ਮੋਹਤਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਹੋਣ ਤੋਂ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਨਿਰੰਤਰ ਕਾਰਜਸ਼ੀਲ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਪੁਲਿਸ ਜਾਂ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕਰੇਗਾ ਤਾਂ ਉਸ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਆਪਣੇ ਸੰਬੋਧਨ ਦੌਰਾਨ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਲੋਕਾਂ ਨੂੰ ਨਸ਼ਿਆਂ ਜਿਹੀ ਸਮਾਜਿਕ ਬੁਰਾਈ ਦੇ ਖਾਤਮੇ ਦੇ ਨਾਲ ਨਾਲ ਸਾਈਬਰ ਕਰਾਈਮ, ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਰਾਸ਼ਟਰੀ ਹੈਲਪਲਾਈਨ ਨੰਬਰ 1930 ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਵਧੇਰੇ ਚੌਕਸ ਹੋਣ ਦੀ ਲੋੜ ਹੈ ਕਿ ਆਪਣੇ ਪੈਸੇ ਦੀ ਖੁਦ ਹਿਫਾਜ਼ਤ ਕੀਤੀ ਜਾਵੇ ਅਤੇ ਫੋਨ ਜਾਂ ਵਟਸਐਪ ਰਾਹੀਂ ਆਉਣ ਵਾਲੀਆਂ ਕਾਲਾਂ ਦੇ ਬਹਿਕਾਵੇ ਵਿੱਚ ਨਾ ਆਇਆ ਜਾਵੇ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਦੋਸਤ ਬਣਨ ਦੀ ਲੋੜ ਹੈ ਤਾਂ ਜੋ ਬੱਚੇ ਆਪਣੇ ਦਿਲ ਦੀ ਸਾਂਝ ਲਗਾਤਾਰ ਆਪਣੇ ਮਾਪਿਆਂ ਨਾਲ ਪਾਉਂਦੇ ਰਹਿਣ ਅਤੇ ਜਿੰਦਗੀ ਦੇ ਕਿਸੇ ਵੀ ਪੜਾਅ ’ਤੇ ਆਪਣੇ ਆਪ ਨੂੰ ਅਸੁਰੱਖਿਅਤ ਜਾਂ ਇਕੱਲਾ ਮਹਿਸੂਸ ਨਾ ਕਰਨ।
ਇਸ ਮੌਕੇ ਉਦਯੋਗਪਤੀ ਡਾ. ਏ.ਆਰ. ਸ਼ਰਮਾ ਨੇ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤਣ ਵਾਲਿਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਹ ਵਚਨਬੱਧ ਹਨ। ਇਸ ਮੌਕੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ ਸਰਤਾਜ ਸਿੰਘ ਚਾਹਲ ਸਮੇਤ ਹੋਰਨਾਂ ਸ਼ਖਸ਼ੀਅਤਾਂ ਨੇ ਵਣ ਮਹਾਂਉਤਸਵ ਤਹਿਤ ਬੂਟੇ ਵੀ ਲਗਾਏ। ਸੈਮੀਨਾਰ ਦੌਰਾਨ ਮੌਜੂਦ ਸੀਨੀਅਰ ਆਗੂਆਂ ਵਿੱਚ ਰਾਜਵੰਤ ਸਿੰਘ ਘੁੱਲੀ, ਅਸ਼ੋਕ ਕੁਮਾਰ ਲੱਖਾ, ਸਤਿੰਦਰ ਸਿੰਘ ਚੱਠਾ, ਅਨਵਰ ਭਸੌੜ, ਮੱਖਣ ਲਾਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।