ਨਵੀਂ ਦਿੱਲੀ: 29 ਅਗਸਤ, 2024 ਉਤਰਾਖੰਡ ਨੂੰ ਜਲਦੀ ਹੀ ਨਵਾਂ ਐਕਸਪ੍ਰੈਸ ਵੇਅ ਮਿਲਣ ਜਾ ਰਿਹਾ ਹੈ। ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਅਤੇ ਲੋਕ ਸਿਰਫ 2.5 ਘੰਟਿਆਂ ਵਿੱਚ ਦਿੱਲੀ ਤੋਂ ਦੇਹਰਾਦੂਨ ਤੱਕ ਦਾ ਸਫਰ ਕਰ ਸਕਣਗੇ। ਇਸ ਐਕਸਪ੍ਰੈੱਸ ਵੇਅ ਦੇ ਖੁੱਲ੍ਹਣ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਸਫਰ ਦਾ ਸਮਾਂ 4 ਘੰਟੇ ਘੱਟ ਜਾਵੇਗਾ। ਇਸ ਤੋਂ ਇਲਾਵਾ ਪੂਰੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਗਤੀ ਮਿਲੇਗੀ। ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਇੱਕ ਹਿੱਸਾ ਇਸ ਸਾਲ ਦੇ ਅੰਤ ਤੱਕ ਖੁੱਲ੍ਹਣ ਦੀ ਉਮੀਦ ਹੈ। ਜਦੋਂਕਿ ਸਮੁੱਚਾ ਐਕਸਪ੍ਰੈੱਸ ਵੇਅ ਮਈ 2025 ਵਿੱਚ ਮੁਕੰਮਲ ਹੋਣ ਜਾ ਰਿਹਾ ਹੈ। ਐਕਸਪ੍ਰੈੱਸ ਵੇਅ ‘ਤੇ ਕੁੱਲ 25 ਕਿਲੋਮੀਟਰ ਐਲੀਵੇਟਿਡ ਰੋਡ ਹੋਵੇਗੀ। ਜਿਨ੍ਹਾਂ ਵਿੱਚੋਂ 6 ਕਿਲੋਮੀਟਰ ਖੁੱਲ੍ਹੇ ਹਨ ਅਤੇ 14 ਕਿਲੋਮੀਟਰ ਸੁਰੰਗਾਂ ਵਿੱਚ ਹਨ। ਇਹ ਛੇ ਮਾਰਗੀ ਹਾਈਵੇ ਪ੍ਰਾਚੀਨ ਜੰਗਲੀ ਖੇਤਰ ਵਿੱਚੋਂ ਲੰਘੇਗਾ। ਐਕਸਪ੍ਰੈਸਵੇਅ ਤੋਂ ਹਰਿਦੁਆਰ ਤੱਕ 51 ਕਿਲੋਮੀਟਰ ਦਾ ਲਿੰਕ ਵੀ ਹੋਵੇਗਾ।