ਸੰਗਰੂਰ,17 ਜੁਲਾਈ – ਪ੍ਰਮੁੱਖ ਸਕੱਤਰ ਪੰਜਾਬ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਸੰਗਰੂਰ, ਡਾ.ਕਿਰਪਾਲ ਸਿੰਘ ਨੇ ਜਿਲੇ ਅੰਦਰ ਆਮ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਦਸਤ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਜਰੂਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਪੰਜਾਬ ਸਰਕਾਰ ਵੱਲੋਂ ਬਰਸਾਤੀ ਮੌਸਮ ਦੌਰਾਨ ਆਮ ਲੋਕਾਂ ਨੂੰ ਦਸਤਾਂ ਦੀ ਰੋਕਥਾਮ, ਉਸ ਦਾ ਇਲਾਜ, ਸਿਹਤ ਸਹੂਲਤਾਂ ਅਤੇ ਜਾਗਰੂਕਤਾ ਗਤੀਵਿਧੀਆਂ ਸਬੰਧੀ ਮਿਲੀਆ ਹਦਾਇਤਾਂ ਬਾਰੇ ਜਾਣੂ ਕਰਵਾਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਇਸ ਮੌਸਮ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਖੜ ਜਾਂਦਾ ਹੈ, ਜਿਸ ਨਾਲ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਫੈਲਣ ਦਾ ਖਤਰਾ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਦਸਤਾਂ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਲੋੜੀਂਦੀ ਮਿਕਦਾਰ ਵਿੱਚ ਦਵਾਈ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ,ਪੀਣ ਵਾਲੇ ਪਾਣੀ ਦੀ ਸੈਂਪਲਿੰਗ ਪਹਿਲਾਂ ਨਾਲੋਂ ਵਧਾਈ ਜਾਵੇ, ਹਾਈ ਰਿਸਕ ਏਰੀਏ ਦੀ ਪਹਿਚਾਣ ਕਰਕੇ ਲੋੜੀਂਦੇ ਕਦਮ ਚੁੱਕੇ ਜਾਣ, ਪੀਣ ਵਾਲੇ ਪਾਣੀ ਵਿੱਚ ਸੀਵਰੇਜ ਵਾਲੇ ਪਾਣੀ ਦੀ ਮਿਕਸਿੰਗ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣ,ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਕਰਵਾਈ ਜਾਵੇ, ਗੰਦੀਆਂ ਸਬਜ਼ੀਆਂ ਅਤੇ ਗੰਦੇ ਫਲਾਂ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਜਾਵੇ,ਆਰ.ਆਰ.ਟੀ ਟੀਮਾ ਤਿਆਰ ਬਰ ਤਿਆਰ ਰੱਖੀਆਂ ਜਾਣ, ਦਸਤਾਂ ਅਤੇ ਹੋਰ ਬਰਸਾਤੀ ਬਿਮਾਰੀਆਂ ਤੋਂ ਬਚਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ , ਸਕੂਲੀ ਬੱਚਿਆਂ ਨੂੰ ਹੱਥ ਧੋਣ ਦੀ ਸਹੀ ਪ੍ਰਕਿਰਿਆ ਸਬੰਧੀ ਜਾਗਰੂਕ ਕੀਤਾ ਜਾਵੇ, ਸਾਰੀਆਂ ਸਿਹਤ ਸੰਸਥਾਵਾਂ ਅੰਦਰ ਆਈ.ਈ.ਸੀ /ਬੀ.ਸੀ.ਸੀ ਮਟੀਰੀਅਲ ਡਿਸਪਲੇ ਕੀਤਾ ਜਾਵੇ, ਸਹਿਰੀ ਖੇਤਰ ਵਿੱਚ ਈ.ਓ ਅਤੇ ਪੇਂਡੂ ਖੇਤਰ ਵਿੱਚ ਬੀ.ਡੀ.ਪੀ.ਓ ਨਾਲ ਤਾਲਮੇਲ ਰੱਖਿਆ ਜਾਵੇ। ਡਾ.ਕਿਰਪਾਲ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ, ਨਿੱਜੀ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਜਾਣ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ,ਡਿਪਟੀ ਮੈਡੀਕਲ ਅਫ਼ਸਰ ਡਾ. ਵਿਕਾਸ ਧੀਰ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਤੋਂ ਇਲਾਵਾ ਜਿਲ੍ਹਾ ਐਪੀਡੀਮੈਲੋਜਿਸਟ ਡਾ. ਉਪਾਸਨਾ ਬਿੰਦਰਾ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ, ਸੁਪਰਡੈਂਟ ਰਾਕੇਸ ਕੁਮਾਰ ਅਦਿ ਹਾਜ਼ਰ ਸਨ।