ਨੈਸ਼ਨਲ ਡੈਸਕ- ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣਾ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਹ ਜ਼ਿੰਦਾ ਹੈ ਅਤੇ ਮਰੀ ਨਹੀਂ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹਾ ਕੀਤਾ ਹੈ ਪਰ ਲੋਕ ਪੂਨਮ ਪਾਂਡੇ ਦੀ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਕਰ ਰਹੇ ਹਨ। ਉੱਥੇ ਹੀ ਉਨ੍ਹਾਂ ਦੀ ਟੀਮ ਖ਼ਿਲਾਫ਼ ਝੂਠੀ ਖਬਰ ਫੈਲਾਉਣ ਦੇ ਦੋਸ਼ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦਿੱਲੀ ਪੁਲਸ ਵੀ ਸੋਸ਼ਲ ਮੀਡੀਆ ‘ਤੇ ਟਰੈਂਡਿੰਗ ਕੰਟੈਂਟ ਰਾਹੀਂ ਲੋਕਾਂ ਨੂੰ ਅਪੀਲ ਕਰਦੀ ਰਹਿੰਦੀ ਹੈ। ਅਜਿਹੀ ਹੀ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿੱਲੀ ਪੁਲਸ ਨੇ ਸੜਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲਿਖਿਆ ਹੈ, ਤੁਸੀਂ ਕੋਈ ਖਾਸ ਨਹੀਂ, ਜੋ ਦੁਬਾਰਾ ਜ਼ਿੰਦਾ ਹੋ ਜਾਵੋਗੇ।
ਤੁਹਾਨੂੰ ਦੱਸ ਦੇਈਏ ਕਿ #PoonamPandey ਦੇ ਟ੍ਰੈਂਡ ਦੇ ਵਿਚਕਾਰ ਦਿੱਲੀ ਪੁਲਸ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਦਿੱਲੀ ਪੁਲਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਖ਼ਾਸ ਸਲਾਹ ਦਿੱਤੀ ਹੈ। ਇਹ ਪੋਸਟ ਪੂਨਮ ਪਾਂਡੇ ਦੇ ਮਾਮਲੇ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਪੁਲਸ ਨੇ ਆਪਣੀ ਪੋਸਟ ਦੇ ਕੈਪਸ਼ਨ ‘ਚ ਲਿਖਿਆ, ”ਹਾਂ ਹਾਂ, ਇਧਰ-ਉਧਰ ਨਾ ਦੇਖੋ, ਸਿਰਫ਼ ਤੁਹਾਡੇ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ।” ਤਸਵੀਰ ਸ਼ੇਅਰ ਕਰਦੇ ਹੋਏ ਪੁਲਸ ਨੇ ਲਿਖਿਆ- ”ਤੁਸੀਂ। ਹਾਂਜੀ ਤੁਸੀਂ! ਤੁਸੀਂ ਅੰਡਰਟੇਕਰ, ਮਿਹਿਰ ਵਿਰਾਨੀ ਜਾਂ ਸਪੈਸ਼ਲ ਕੇਸ ਨਹੀਂ ਹੋ! ਜੋ ਦੁਬਾਰਾ ਜ਼ਿੰਦਾ ਹੋ ਜਾਵੋਗੇ। ਇਸ ਲਈ ਹਮੇਸ਼ਾ ਹੈਲਮੇਟ ਅਤੇ ਸੀਟ ਬੈਲਟ ਲਗਾਇਆ ਕਰੋ!” ਦਿੱਲੀ ਪੁਲਸ ਦੀ ਇਸ ਪੋਸਟ ‘ਤੇ ਲੋਕ ਕਮੈਂਟ ਕਰਦੇ ਹੋਏ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,”ਦਿੱਲੀ ਪੁਲਸ ਨੇ ਪੂਨਮ ਪਾਂਡੇ ਨੂੰ ਰੋਸਟ ਕਰ ਦਿੱਤਾ।” ਇਕ ਹੋਰ ਯੂਜ਼ਰ ਨੇ ਕਿਹਾ,”ਇਹ ਕੌਣ ਨਵਾਂ ਮੀਮਰ ਆਇਆ ਹੈ? ਇਹ ਤਾਂ ਦਿੱਲੀ ਪੁਲਸ ਦਾ ਪੇਜ ਹੈ। ਤੀਜੇ ਯੂਜ਼ਰ ਨੇ ਲਿਖਿਆ-”ਕਿਰਪਾ ਕਰਕੇ ਪੂਨਮ ਪਾਂਡੇ ਖ਼ਿਲਾਫ਼ ਮਾਮਲਾ ਦਰਜ ਕਰੋ ਅਤੇ ਕਿਰਪਾ ਕਰਕੇ ਆਪਣੇ ਪੇਜ ਐਡਮਿਨ ਨੂੰ ਬਦਲੋ।”