ਦਿੱਲੀ: ਦਿੱਲੀ ਦੇ ਓਲਡ ਰਾਜਿੰਦਰ ਨਗਰ ਸਥਿਤ ਕੋਚਿੰਗ ਸੈਂਟਰ ਵਿੱਚ ਤਿੰਨ UPS ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਹੁਣ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਓਲਡ ਰਜਿੰਦਰ ਨਗਰ ਵਿੱਚ ਹੋਏ ਕਥਿਤ ਕਬਜ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।
ਐਤਵਾਰ ਦੇਰ ਰਾਤ ਤੱਕ ਚੱਲੀ ਕਾਰਵਾਈ ਦੌਰਾਨ ਕਰੀਬ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਆਈਏਐਸ ਗੁਰੂਕੁਲ, ਚਾਹਲ ਅਕੈਡਮੀ, ਪਲੂਟਸ ਅਕੈਡਮੀ, ਸਾਈ ਟਰੇਡਿੰਗ, ਆਈਏਐਸ ਸੇਤੂ, ਟਾਪਰਜ਼ ਅਕੈਡਮੀ, ਦੈਨਿਕ ਸੰਵਾਦ, ਸਿਵਲ ਡੇਲੀ ਆਈਏਐਸ, ਕਰੀਅਰ ਪਾਵਰ, 99 ਨੋਟਸ, ਵਿਦਿਆ ਗੁਰੂ, ਗਾਈਡੈਂਸ ਆਈਏਐਸ ਅਤੇ ‘ਈਜ਼ੀ ਫਾਰ ਆਈਏਐਸ’ ਸ਼ਾਮਲ ਹਨ। ਉਸ ਕੋਚਿੰਗ ਸੈਂਟਰ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋਏ ਹਨ ਜਿੱਥੇ UPSC ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਕੋਚਿੰਗ ਸੈਂਟਰ ਨੂੰ ਮਿਲੀ ਐਨਓਸੀ ਅਨੁਸਾਰ ਬੇਸਮੈਂਟ ਨੂੰ ਸਟੋਰੇਜ ਲਈ ਹੀ ਵਰਤਿਆ ਜਾਣਾ ਸੀ ਪਰ ਇਸ ਦੇ ਉਲਟ ਉਥੇ ਲਾਇਬ੍ਰੇਰੀ ਬਣਾਈ ਗਈ। ਇਸ ਤੋਂ ਇਲਾਵਾ ਬੇਸਮੈਂਟ ਵਿੱਚ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਬਹੁਤ ਤੇਜ਼ੀ ਨਾਲ ਭਰ ਗਿਆ, ਜਿਸ ਕਾਰਨ ਤਿੰਨ ਵਿਦਿਆਰਥੀ ਡੁੱਬ ਗਏ।