ਮਲਾਗਰ ਖਮਾਣੋਂ : ਰੂਪਨਗਰ/17 ਦਸੰਬਰ : ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਪੰਜਾਬ ਦੀਆਂ ਟਰੇਡ ਯੂਨੀਅਨਾਂ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਕ ਕਿ ਜੇਕਰ ਕੇਂਦਰ ਸਰਕਾਰ ਸੰਸਦ ਦੇ ਇਸ ਸੈਸ਼ਨ ਵਿੱਚ ਬਿਜਲੀ ਬਿੱਲ 2025 ਪੇਸ਼ ਕਰਦੀ ਹੈ ਤਾਂ ਬਿੱਲ ਪੇਸ਼ ਕਰਨ ਤੋਂ ਦੂਜੇ ਦਿਨ ਸਾਰੇ ਪੰਜਾਬ ਅੰਦਰ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਟਰੇਡ ਯੂਨੀਅਨਾਂ ਅਤੇ ਹੋਰ ਜਨਤਕ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਰੇਲਾਂ ਰੋਕੇਗਾ ਅਤੇ ਟੋਲ ਪਲਾਜੇ ਫਰੀ ਕਰੇਗਾ। ਸਾਂਝੀ ਮੀਟਿੰਗ ਅੱਜ ਰਣਜੀਤ ਬਾਗ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਢੇਰ,ਇੰਟਕ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਫੈਸਲੇ ਤੇ ਅਮਲ ਕਰਨ ਲਈ ਅਤੇ ਬਿਜਲੀ ਬਿੱਲ 2025 ਅਤੇ ਲੇਬਰ ਕੋਡ ਮਸਲੇ ਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਨਾਂ ਦੀ ਸ਼ਮੂਲੀਅਤ ਨਾਲ ਵਿਸ਼ਾਲ ਸੰਘਰਸ਼ ਦੀ ਤਿਆਰੀ ਵਜੋਂ ਰੇਲਾਂ ਰੋਕਣ ਅਤੇ ਟੋਲ ਪਲਾਜੇ ਫਰੀ ਕਰਨ ਦਾ ਐਕਸ਼ਨ ਪੂਰੀ ਤਾਕਤ ਨਾਲ ਕੀਤਾ ਜਾਵੇਗਾ ਤਾਂ ਜੋ ਸਰਕਾਰਾਂ ਨੂੰ ਲੋਕ ਵਿਰੋਧੀ ਫੈਸਲਿਆਂ ਤੋਂ ਪਿੱਛੇ ਹਟਣ ਅਤੇ ਉਹਨਾਂ ਨੂੰ ਲੋਕ ਹਿੱਤਾਂ ਲਈ ਨੀਤੀਆਂ ਬਣਾਉਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਮਿਹਨਤ ਕਸ਼ ਅਵਾਮ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਮਹਾਂ ਸਿੰਘ ਰੋੜੀ ਨੇ 13 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਹੋਈ ਕਿਸਾਨ ਭਵਨ ਚੰਡੀਗੜ੍ਹ ਦੀ ਰਿਪੋਰਟਿੰਗ ਵਿਸਥਾਰ ਪੂਰਵਕ ਕੀਤੀ। ਉਹਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2003, ਹੁਣ 2025 ਨੂੰ ਰੱਦ ਕਰਨਾ,ਚਾਰ ਲੇਬਰ ਕੋਡ ਰੱਦ ਕਰਨਾ, ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ, ਸਰਕਾਰੀ ਜਾਇਦਾਦਾਂ ਨੂੰ ਵੇਚਣਾ ਬੰਦ ਕਰਨਾ, ਮਜ਼ਦੂਰਾਂ – ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ, ਸਮੇਤ ਹੋਰ ਭੱਖਦੇ ਮਸਲਿਆਂ ਤੇ ਵਿਆਪਕ ਲਾਮਬੰਦੀ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ 32 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮੀਟਿੰਗ ਵਿੱਚ 53 ਹੋਰ ਜਥੇਬੰਦੀਆਂ ਹਾਜ਼ਰ ਹੋਈਆਂ।ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਜਿਸ ਦਿਨ ਬਿੱਲ ਸੰਸਦ ਵਿਚ ਪਾਸ ਕੀਤੇ ਜਾਂਦੇ ਹਨ,ਉਸ ਤੋਂ ਅਗਲੇ ਦਿਨ ਸੋਲਖੀਆਂ ਟੋਲ ਪਲਾਜ਼ਾ 11 ਤੋਂ 3 ਵਜੇ ਤੱਕ ਬੰਦ ਕੀਤਾ ਜਾਵੇਗਾ,28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਵਿੱਚ ਮਾਰਚ ਕੀਤੇ ਜਾਣਗੇ ਅਤੇ 16 ਜਨਵਰੀ ਨੂੰ ਬਿਜਲੀ ਬੋਰਡ ਦੇ ਐਸ ਈ ਦਫ਼ਤਰ ਰੂਪਨਗਰ ਵਿਖੇ ਧਰਨਾ ਮਾਰਿਆ ਜਾਵੇਗਾ।ਇਹ ਫੈਸਲਾ ਵੀ ਲਿਆ ਗਿਆ ਕਿ ਲੋਕ ਮਾਰੂ ਫੈਸਲਿਆਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਜੋ ਵੀ ਸੰਘਰਸ਼ ਉਲੀਕੇਗਾ ਉਸ ਨੂੰ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਵੇਗਾ। ਮੀਟਿੰਗ ਵਿੱਚ , ਇਫਟੂ ਦੇ ਆਗੂ ਰਾਣਾ ਪ੍ਰਤਾਪ ਸਿੰਘ ਰੰਗੀਲਪੁਰ, ਹਰਮੇਸ਼ ਨੁਰਪੁਰ, ਬਲਵਿੰਦਰ ਸਿੰਘ ਭੈਰੋ ਮਾਜਰਾ,ਮਾਸਟਰ ਦਲੀਪ ਸਿੰਘ ਘਨੌਲਾ, ਸਾਥੀ ਦਲਜੀਤ ਸਿੰਘ ਚਲਾਕੀ ਭਾਕਿਯੂ ਲੱਖੋਵਾਲ,ਅਵਤਾਰ ਸਿੰਘ ਸਹੇੜੀ, ਮੋਹਣ ਸਿੰਘ ਧਮਾਣਾ ਜਮਹੂਰੀ ਕਿਸਾਨ ਸਭਾ,ਸਾਥੀ ਮੋਹਰ ਸਿੰਘ ਖਾਬੜਾ ਭਾਕਿਯੂ ਕਾਦੀਆਂ,ਹਰਪ੍ਰੀਤ ਸਿੰਘ,ਸਾਥੀ ਗੁਰਦੇਵ ਸਿੰਘ ਬਾਗੀ, ਰਣਧੀਰ ਸਿੰਘ ਚੱਕਲ ਭਾਕਿਯੂ ਰਾਜੇਵਾਲ,ਸਾਥੀ ਰਾਧੇ ਸ਼ਾਮ ਏਟਕ ਆਗੂ, ਗੁਰਵਿੰਦਰ ਸਿੰਘ ਪੀਐਸਪੀਸੀਐਲ,ਮਲਾਗਰ ਸਿੰਘ ਖਮਾਣੋਂ ਆਗੂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ,ਸਾਥੀ ਅਸ਼ੋਕ ਕੁਮਾਰ ਤਰਕਸ਼ੀਲ ਆਗੂ,ਦਵਿੰਦਰ ਪਾਂਡੇ ਆਗੂ ਆਰਟੀਪੀ ਕੰਟਰੈਕਟ ਵਰਕਰ ਯੂਨੀਅਨ, ਜਸਵੰਤ ਸਿੰਘ ਸੈਣੀ, ਕਸ਼ਮੀਰ ਕੌਰ ਕਿਰਤੀ ਕਿਸਾਨ ਮੋਰਚਾ,ਬੀਰਬਲ ਸਿੰਘ ਬਿਕਰਮਜੀਤ ਸਿੰਘ,ਸਪਿੰਦਰ ਸਿੰਘ, ਤਰਸੇਮ ਲਾਲ, ਭਗਤ ਸਿੰਘ ਬਿੱਕੋ, ਐਸ ਡੀ ਓ ਜਗਦੀਸ਼ ਚੰਦ, ਸੁਖਵੀਰ ਸਿੰਘ ਸੁੱਖਾ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ , ਧਰਮਪਾਲ ਸੈਣੀ ਮਾਜਰਾ ਆਦਿ ਹਾਜ਼ਰ ਸਨ।

