ਨਵੀਂ ਦਿੱਲੀ 29 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਬਰਤਾਨੀਆਂ ਦੀ ਕੈੰਬਰੀਜ ਯੂਨੀਵਰਸਿਟੀ ਪੁੱਜੇ ਇੰਦਰਾ ਗਾਂਧੀ ਦੇ ਪੋਤਰੇ ਅਤੇ ਰਾਜੀਵ ਗਾਂਧੀ ਦੇ ਪੁਤਰ ਰਾਹੁਲ ਗਾਂਧੀ ਦਾ ਬ੍ਰਿਟਿਸ਼ ਸਿੱਖਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਹੈ । ਉੱਥੇ ਹਾਜਿਰ ਬੁਲਾਰਿਆ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਸਿਆ ਕਿ ਇੰਦਰਾ ਗਾਂਧੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਉਪਰ ਫੌਜ ਚੜਾ ਕੇ ਹਜ਼ਾਰਾਂ ਸਿੱਖਾਂ ਦਾ ਕੱਤਲ ਕਰਣ ਵਾਲਾ ਸਾਕਾ ਨੀਲਾ ਤਾਰਾ ਦਾ ਕਹਿਰ ਵਰਪਾ ਕੇ ਸਿੱਖ ਪੰਥ ਨੂੰ ਕਦੇ ਨਾ ਭੁੱਲਣ ਵਾਲਾ ਜਖਮ ਦਿੱਤਾ ਹੈ ਉੱਥੇ ਨਾਲ ਹੀ ਉਸ ਦੇ ਪੁਤਰ ਰਾਜੀਵ ਗਾਂਧੀ ਵਲੋਂ ਦਿੱਲੀ ਅਤੇ ਵੱਖ ਵੱਖ ਸ਼ਹਿਰਾ ਅੰਦਰ 31 ਅਕਤੂਬਰ ਤੋਂ ਲੈ ਕੇ 4 ਨਵੰਬਰ ਤਕ ਜਿਸ ਤਰ੍ਹਾਂ ਹਜਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਉਨ੍ਹਾਂ ਦੇ ਗਲਿਆਂ ਅੰਦਰ ਟਾਇਰ ਪਾ ਪਾ ਕੇ ਸਾੜਿਆ ਗਿਆ, ਮਾਵਾਂ ਭੈਣਾਂ ਨੂੰ ਬੇਪਤ ਕੀਤਾ ਗਿਆ ਦੁੱਧ ਚੁਗਦੇ ਬੱਚਿਆਂ ਨੂੰ ਮਾਰਿਆ ਗਿਆ, ਓਹ ਅਸੀ ਕਦੇ ਨਹੀਂ ਭੁੱਲ ਸਕਦੇ ਹਾਂ । ਇਹ ਲੋਕ ਜਦੋ ਵੀ ਵਿਦੇਸ਼ਾਂ ਅੰਦਰ ਆਣਗੇ ਜਾਗਦੀ ਜਮੀਰ ਵਾਲੇ ਸਿੱਖ ਇਨ੍ਹਾਂ ਦਾ ਵਿਰੋਧ ਕਰਣਗੇ ਅਤੇ ਇਕ ਸਮਾਂ ਆਏਗਾ ਜਦੋ ਸਿੱਖਾਂ ਦਾ ਆਪਣਾ ਮੁੱਲਕ ਹੋਵੇਗਾ ਤਦ ਦੁਨੀਆਂ ਦੇਖੇਗੀ ਕਿ ਕਿਸ ਤਰ੍ਹਾਂ ਸਿੱਖਾਂ ਨੇ ਇਨ੍ਹਾਂ ਲੋਕਾਂ ਨੂੰ ਘਰੋਂ ਘੜੀਸ ਕੇ ਲਿਆ ਕੇ ਦੁਨੀਆਂ ਸਾਹਮਣੇ ਸਜ਼ਾਵਾਂ ਦਿੱਤੀਆਂ ਹਨ । ਉਨ੍ਹਾਂ ਇਹ ਵੀ ਕਿਹਾ ਰਾਹੁਲ ਗਾਂਧੀ ਇਥੇ ਸ਼ਾਂਤੀ, ਲੋਕਤੰਤਰ ਅਤੇ ਡੈਮੋਕ੍ਰੇਸੀ ਵਿਸ਼ਿਆ ਤੇ ਲੇਕਚਰ ਦੇਣ ਆਇਆ ਹੈ ਜਦਕਿ ਇਹ ਓਹ ਲੋਕ ਹਨ ਜਿਨ੍ਹਾਂ ਨੇ ਇਨ੍ਹਾਂ ਦਾ ਘਾਣ ਕਰਦਿਆਂ ਲੋਕਤੰਤਰ ਨੂੰ ਬਰਬਾਦ ਕਰਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ ਤੇ ਇਹ ਕਿਸ ਮੂੰਹ ਨਾਲ ਇਨ੍ਹਾਂ ਵਿਸ਼ਿਆ ਬਾਰੇ ਚਰਚਾ ਕਰ ਰਿਹਾ ਹੈ ਤੇ ਯੂਨੀਵਰਸਿਟੀ ਜਿਸ ਦਾ ਸੰਸਾਰ ਅੰਦਰ ਬਹੁਤ ਵੱਡਾ ਨਾਮ ਹੈ, ਵਲੋਂ ਸਿੱਖਾਂ ਦਾ ਕਤਲੇਆਮ ਕਰਣ ਵਾਲਿਆਂ ਦੇ ਵਾਰਸਾਂ ਨੂੰ ਕਿਉਂ ਸੱਦਣਾ ਨਮੋਸ਼ੀਜਨਕ ਹੈ । ਉਨ੍ਹਾਂ ਕਿਹਾ ਕਿ ਹਿੰਦੁਸਤਾਨ ਅੰਦਰ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਹੋਣ, ਹਰ ਕਿਸੇ ਦਾ ਹੱਥ ਸਿੱਖਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ ।