ਚੰਡੀਗੜ੍ਹ, 24 ਮਾਰਚ ! ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਉੱਭਰਦੀ ਪੰਜਾਬੀ ਗਾਇਕਾ ਵਿੱਭ ਸਿੱਧੂ ਦਾ ਪਲੇਠਾ ਗੀਤ “ਦਿਲ ਦੇ ਜਾਨੀ” ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਪੰਜਾਬ ਦੇ ਮੰਨੇ-ਪ੍ਰਮੰਨੇ ਗੀਤਕਾਰ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਵਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ। ਇਸ ਗੀਤ ਵਿੱਚ ਮੁੱਖ ਭੂਮਿਕਾ ਚਰਚਿਤ ਅਦਾਕਾਰ ਸਰਤਾਜ ਸਿੱਧੂ ਵਲੋਂ ਨਿਭਾਈ ਗਈ ਹੈ ਅਤੇ ਨਿਰਦੇਸ਼ਕ ਬੌਬੀ ਬਾਜਵਾ ਹਨ। ਸਰਤਾਜ ਸਿੱਧੂ ਪੰਜਾਬੀ ਫਿਲਮ ‘ਵਾਈਟ ਪੰਜਾਬ’ ਅਤੇ ਹੋਰ ਕਈ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕਈ ਹੋਰ ਵੈੱਬ ਸੀਰੀਜ਼/ ਫ਼ਿਲਮਾਂ ਵੀ ਜਲਦੀ ਹੀ ਰਿਲੀਜ਼ ਹੋ ਰਹੀਆਂ ਹਨ ਜਦੋਂਕਿ ਗਾਇਕਾ ਵਿੱਭ ਸਿੱਧੂ ਲੋਕ ਗਾਇਕੀ ਖੇਤਰ ਵਿੱਚ ਲਗਾਤਾਰ 2 ਵਾਰ ਪੰਜਾਬ ਯੂਨੀਵਰਸਿਟੀ ਦੀ ਜੇਤੂ ਰਹੇ ਹਨ ਅਤੇ ਯੁਵਕ ਮੇਲਿਆਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਹਨ।
ਵੇਵਕਾਨੋ ਮਿਊਜ਼ਿਕ ਵਲੋਂ ਰਿਲੀਜ਼ ਕੀਤੇ ਇਸ ਗੀਤ ਨਾਲ ਉਹ ਪੰਜਾਬੀ ਸੰਗੀਤ ਜਗਤ ਵਿੱਚ ਪਹਿਲਾ ਕਦਮ ਰੱਖਿਆ ਹੈ। ਗੀਤ ਨੂੰ ਬਲਵਿੰਦਰ ਸਿੰਘ ਅਤੇ ਅਰਸ਼ ਨਾਗਰਾ ਦੀ ‘ਵੇਵਕਾਨੋ ਮਿਊਜ਼ਿਕ’ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਿੱਚ ਭੁਪਿੰਦਰ ਸਿੰਘ ਆਈ.ਏ.ਐਸ., ਲੇਖਕ ਹਰਪ੍ਰੀਤ ਸੇਖੋਂ ਅਤੇ ਨਿਰਮਾਤਾ ਤਲਜਿੰਦਰ ਨਾਗਰਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
ਇਸ ਸਮਾਗਮ ਵਿੱਚ ਬੋਲਦਿਆਂ ਬਾਬੂ ਸਿੰਘ ਮਾਨ ਵਲੋਂ ਦੱਸਿਆ ਗਿਆ ਕਿ ਉਹਨਾਂ ਨੇ ਬਾਲੀਵੁੱਡ ਅਤੇ ਪੰਜਾਬੀ ਦੇ ਲਗਭਗ ਹਰੇਕ ਪ੍ਰਸਿੱਧ ਗਾਇਕ/ ਗਾਇਕਾ ਨਾਲ ਕੰਮ ਕੀਤਾ ਹੈ ਅਤੇ ਤਕਰੀਬਨ 30 ਸਾਲ ਬਾਅਦ ਕਿਸੇ ਨਵੇਂ ਚੇਹਰੇ ਨਾਲ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਗੀਤ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਹੈ। ਇਸ ਮੌਕੇ ਮੰਚ ਸੰਚਾਲਨ ਕਰਦੇ ਹੋਇਆਂ ਲੇਖਕ ਹਰਪ੍ਰੀਤ ਸੇਖੋਂ ਨੇ ਗਾਇਕਾ ਵਿੱਭ ਸਿੱਧੂ ਅਤੇ ਅਦਾਕਾਰ ਸਰਤਾਜ ਸਿੱਧੂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਵੇਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਮਾਨ ਸਾਹਿਬ ਨੂੰ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਗੀਤ ਲੋਕਾਂ ਦੀ ਝੋਲੀ ਵਿੱਚ ਪਾਉਣ ਦੀ ਅਪੀਲ ਕੀਤੀ ਗਈ। ਇਸ ਰਿਲੀਜ਼ ਸਮਾਗਮ ਵਿੱਚ ਸ. ਭੁਪਿੰਦਰ ਸਿੰਘ ਆਈ.ਏ.ਐਸ., ਡਾ ਸਿਮਰਜੀਤ ਸਿੰਘ, ਅਮਰਜੀਤ ਸਿੰਘ ਐਡਵੋਕੇਟ, ਕਰਤਾਰ ਸਿੰਘ, ਨਿਰਬਜੀਤ ਧਨੋਆ, ਮੱਖਣ ਸਿੰਘ, ਸੁਖਦੇਵ ਗਿੱਲ, ਵਿਸ਼ਾਲ ਪਰਾਸ਼ਰ, ਗੁਰਸ਼ਰਨ ਸਿੰਘ ਅਤੇ ਗਾਇਕ ਵਣਜਾਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਤਲਜਿੰਦਰ ਨਾਗਰਾ ਵਲੋਂ ਇਸ ਮੌਕੇ ਪਹੁੰਚਣ ਤੇ ਸਾਰੇ ਮੀਡੀਆ ਅਤੇ ਹੋਰ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

