ਪੰਜਾਬੀ ਗਾਇਕ ਕਰਨ ਔਜਲਾ ਦਾ ਸੰਗੀਤ ਸਮਾਗਮ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਸ਼ਾਮ ਦੇ ਛੇ ਵਜੇ ਹੋਵੇਗਾ। ਇਹ ਸੰਗੀਤ ਸਮਾਰੋਹ ਪੀ-ਪੌਪ ਕਲਚਰ ਇੰਡੀਆ ਟੂਰ 2026 ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ। ਐਮ.ਸੀ.ਡੀ. ਦੇ ਸਿਹਤ ਵਿਭਾਗ ਨੇ ਇਸ ਸ਼ੋਅ ਨੂੰ ਲੈ ਕੇ ਇਕ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਅਸਥਾਈ ਪਖਾਨਿਆਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਪਾਲਣਾ, ਕਿਸੇ ਵੀ ਵੱਡੇ ਹਾਦਸੇ ਨੂੰ ਰੋਕਣ ਲਈ ਐਮਰਜੈਂਸੀ ਨਿਕਾਸ ਅਤੇ ਜਨਤਕ ਸੁਰੱਖਿਆ ਲਈ ਢੁਕਵੇਂ ਸੰਕੇਤਾਂ ਲਈ ਨਿਰਦੇਸ਼ ਦਿੱਤੇ ਗਏ ਹਨ।
ਕਰਨ ਔਜਲਾ ਅੱਜ ਦਿੱਲੀ ਵਿੱਚ ਆਪਣਾ ਕੰਸਰਟ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿੱਚ ਲਗਪਗ 50 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਸ਼ਾਮਲ ਹੋਣਗੇ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਕਾਰਨ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਲਈ ਸੁਰੱਖਿਆ ਅਤੇ ਭੀੜ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਕੰਸਰਟ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਪ੍ਰਸ਼ੰਸਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਭਾਰੀ ਭੀੜ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਪੂਰੀ ਤਰ੍ਹਾਂ ਅਲਰਟ ਹੈ। ਪੁਲੀਸ ਨੇ ਲੋਕਾਂ ਨੂੰ ਜਾਮ ਤੋਂ ਬਚਣ ਲਈ ਕਈ ਰੂਟਾਂ ਵਿੱਚ ਬਦਲਾਅ (ਡਾਇਵਰਜਨ) ਕੀਤਾ ਹੈ। ਕੰਸਰਟ ਵਾਲੀ ਥਾਂ ਨੂੰ ਜਾਣ ਵਾਲੀਆਂ ਮੁੱਖ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਰੂਟਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ। ਪੁਲੀਸ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਨਕਸ਼ੇ ਅਤੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਮੰਜ਼ਿਲ ‘ਤੇ ਪਹੁੰਚਣ ਵਿੱਚ ਦੇਰੀ ਨਾ ਹੋਵੇ। ਜੇਕਰ ਤੁਸੀਂ ਅੱਜ ਦਿੱਲੀ ਦੀਆਂ ਸੜਕਾਂ ’ਤੇ ਨਿਕਲ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਅਤੇ ਨਵੇਂ ਰੂਟਾਂ ਦਾ ਖਾਸ ਧਿਆਨ ਰੱਖੋ।

