ਮਲਾਗਰ ਖਮਾਣੋਂ : ਗੁਰਦਾਸਪੁਰ 17 ਦਸੰਬਰ : ਸਿਖਿਆ ਵਿਭਾਗ ਪੰਜਾਬ ਗੁਰਦਾਸਪੁਰ ਵਲੋਂ ਬੀ ਪੀ ਈ ਓ ਕਾਦੀਆਂ 2 ਪੋਹਲਾ ਸਿੰਘ ਖਿਲਾਫ ਕੋਈ ਕਾਰਵਾਈ ਨਾ ਕਰਨ ਤੇ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਵਲੋਂ ਅੱਜ ਏ ਡੀ ਸੀ ਜਰਨਲ ਸ੍ਰ ਗੁਰਸਿਮਰਨ ਸਿੰਘ ਢਿੱਲੋਂ ਨੂੰ ਸ਼ਿਕਾਇਤ ਪੱਤਰ ਸੌਂਪਿਆ ਅਤੇ ਬੀ ਪੀ ਈ ਓ ਕਾਦੀਆਂ 2 ਪੋਹਲਾ ਸਿੰਘ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਅਤੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਜੇ ਵਿਭਾਗ ਵੱਲੋਂ ਕੋਈ ਤਸੱਲੀਬਖ਼ਸ਼ ਕਾਰਵਾਈ ਨਾ ਕੀਤੀ ਤਾਂ ਕਿਸੇ ਪੀ ਸੀ ਐਸ ਅਧਿਕਾਰੀ ਤੋਂ ਜਾਂਚ ਕਰਵਾ ਕੇ ਸਿਖਿਆ ਸਕੱਤਰ ਤੋਂ ਕਾਰਵਾਈ ਲਈ ਲਿਖ ਦਿੱਤਾ ਜਾਵੇਗਾ।ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਕੋ ਕਨਵੀਨਰ ਗੁਰਮਿੰਦਰ ਕੌਰ ਬਹਿਰਾਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਫਰੰਟ ਵੱਲੋਂ ਲਗਾਤਾਰ ਸਿਖਿਆ ਵਿਭਾਗ ਪੰਜਾਬ ਦੇ ਨਾਲ ਰਾਬਤਾ ਕਾਇਮ ਕਰਕੇ ਬੀ ਪੀ ਈ ਓ ਕਾਦੀਆਂ 2 ਪੋਹਲਾ ਸਿੰਘ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੀ ਪੀ ਈ ਓ ਕਾਦੀਆਂ 2 ਦੀਆਂ ਵਧੀਕੀਆਂ ਵਿਰੁੱਧ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਦੇ ਦਫ਼ਤਰ ਵਿਚ ਬਣੀ ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਵੱਲੋਂ 30 ਅਕਤੂਬਰ ਨੂੰ ਬਿਆਨ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਫ਼ਤਹਿਗੜ੍ਹ ਚੂੜੀਆਂ ਬਲਾਕ ਵਿੱਚ ਪੋਹਲਾ ਸਿੰਘ ਵੱਲੋਂ ਵਿਭਾਗੀ ਹੁਕਮਾਂ ਵਿਰੁੱਧ ਲਾਏ ਡੈਪੂਟੇਸ਼ਨ ਰੱਦ ਨਹੀਂ ਕੀਤੇ ਗਏ ਹਨ। ਔਰਤ ਮੁਲਾਜ਼ਮਾਂ ਨੂੰ ਬਣਦੀ ਛੁੱਟੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ।ਉਨ੍ਹਾਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪੰਜ ਦਿਨਾਂ ਵਿੱਚ ਕਾਰਵਾਈ ਨਾ ਹੋਈ ਤਾਂ 22 ਦਸੰਬਰ ਨੂੰ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈਕੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਕੰਵਲਪ੍ਰੀਤ ਕੌਰ ਅਤੇ ਵੀਨਾ ਮੈਡਮ ਪਰਮਜੀਤ ਕੌਰ ਹਾਜ਼ਰ ਸਨ।

