ਅੰਮ੍ਰਿਤਸਰ, 5 ਦਸੰਬਰ — ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅੱਜ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਨੂੰ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੁਆਰਾ ਸਿੱਖ ਧਰਮ ਦੀ ਪਵਿੱਤਰ ਪਹਿਚਾਣ ਪੱਗ (ਦਸਤਾਰ)ਬਾਰੇ ਕੀਤੇ ਗਏ ਅਪਮਾਨਜਨਕ ਬਿਆਨ ਨੂੰ ਲੈ ਕੇ ਇਕ ਸ਼ਿਕਾਇਤ ਪੱਤਰ ਭੇਜਦਿਆਂ ਵਿਧਾਇਕ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਬਲਾਕ ਸਮਿਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਰੰਧਾਵਾ ਵੱਲੋਂ ਪ੍ਰੈੱਸ ਅੱਗੇ ਕਹੇ ਗਏ ਸ਼ਬਦ,
“ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ, ਬੱਝਦੀਆਂ ਵੀ ਨੇ ਤੇ ਲੱਥਦੀਆਂ ਵੀ ਨੇ।” ਨੇ ਮੇਰੇ ਸਮੇਤ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਇਸ ਨੂੰ ਸੋਚੀ–ਸਮਝੀ ਅਪਮਾਨਜਨਕ ਬੇਅਦਬੀ ਕਰਾਰ ਦਿੱਤਾ ਹੈ।
ਪ੍ਰੋ. ਖਿਆਲਾ ਨੇ ਯਾਦ ਦਿਵਾਇਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੇ ਵੱਡੇ–ਵੱਡੇ ਦਾਅਵੇ ਕੀਤੇ ਹਨ ਅਤੇ ਇਸ ਸੰਬੰਧੀ ਵਿਸ਼ੇਸ਼ ਮਤਾ ਵੀ ਪੇਸ਼ ਕੀਤਾ ਹੈ। ਉਨ੍ਹਾਂ ਕਿਹਾਕਿ ਪੰਜਾਬ ਸਰਕਾਰ ਦੇ ‘ਬੇਅਦਬੀ ਵਿਰੁੱਧ ਸਖ਼ਤੀ’ ਦੇ ਦਾਅਵੇ ਦੀ ਪਰਖ ਦੀ ਘੜੀ ਆ ਗਈ ਹੈ, “ਜੇ ਸਰਕਾਰ ਵਾਕਈ ਗੰਭੀਰ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਹੀ ਵਿਧਾਇਕ ਵਿਰੁੱਧ ਕਾਰਵਾਈ ਕਰਕੇ ਦੱਸੇ,” ਉਹਨਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ।
ਪ੍ਰੋ. ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਦਸਤਾਰ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੀ ਕੇਂਦਰੀ ਨਿਸ਼ਾਨੀ ਹੈ ਅਤੇ ਇਸ ਦੀ ਬੇਅਦਬੀ ਕਿਸੇ ਵੀ ਸਥਿਤੀ ਵਿੱਚ ਕਬੂਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਕੇਵਲ ਰਾਜਨੀਤੀ ਨਹੀਂ, ਸਿੱਖ ਪਰੰਪਰਾ ਅਤੇ ਰਹਿਤ ਮਰਯਾਦਾ ਨਾਲ ਜੁੜਿਆ ਹੈ ਅਤੇ ਇਸ ’ਤੇ ਦੇਰੀ ਜਾਂ ਢਿੱਲ ਮੁਆਫ਼ ਨਹੀਂ ਕੀਤੀ ਜਾ ਸਕਦੀ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖ ਲਈ ਪੱਗ ਕੇਵਲ ਪਹਿਰਾਵਾ ਨਹੀਂ, ਬਲਕਿ ਗੁਰੂ ਸਾਹਿਬਾਨ ਦੀ ਬਖ਼ਸ਼ੀ ਰਹਿਤ, ਸਿੱਖ ਦੀ ਸ਼ਾਨ, ਪਹਿਚਾਣ ਅਤੇ ਆਤਮ-ਗੌਰਵ ਅਤੇ ਸਿਰ ਦਾ ਤਾਜ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਸਿੱਖ ਕੌਮ ਦੀਆਂ ਅਨੇਕਾਂ ਸ਼ਹੀਦੀਆਂ ਦਾ ਸਾਖੀ ਹੈ ਜਿੱਥੇ ਦਸਤਾਰ ਦੀ ਸਲਾਮਤੀ ਲਈ ਸਿੱਖਾਂ ਨੇ ਜਾਨਾਂ ਤੱਕ ਨਿਛਾਵਰ ਕੀਤੀਆਂ। ਅੰਤਰਰਾਸ਼ਟਰੀ ਪੱਧਰ ‘ਤੇ ਵੀ ਪੱਗ ਦੀ ਮਰਿਆਦਾ ਅਤੇ ਅਧਿਕਾਰ ਲਈ ਲੰਬੇ ਸੰਘਰਸ਼ਾਂ ਤੋਂ ਬਾਅਦ ਹੀ ਦੁਨੀਆ ਇਸ ਦੀ ਮਹਾਨਤਾ ਨੂੰ ਮੰਨਦੀ ਹੈ। “ਇੱਕ ਚੁਣਿਆ ਹੋਇਆ ਪ੍ਰਤੀਨਿਧੀ ਇਹ ਸਭ ਜਾਣਦੇ ਹੋਏ ਵੀ ਦਸਤਾਰ ਦੀ ਬੇਅਦਬੀ ਕਰੇ—ਇਹ ਕੇਵਲ ਅਗਿਆਨਤਾ ਨਹੀਂ, ਬਲਕਿ ਸਿੱਖ ਕੌਮ ਵਿਰੁੱਧ ਖੁੱਲ੍ਹਾ ਅਪਰਾਧ ਹੈ,” ਪ੍ਰੋ. ਖਿਆਲਾ ਨੇ ਕਿਹਾ।
ਪ੍ਰੋ. ਖਿਆਲਾ ਨੇ ਡੀ.ਜੀ.ਪੀ. ਨੂੰ ਭੇਜੇ ਪੱਤਰ ਵਿੱਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਰੁੱਧ IPC 295 ਅਤੇ 295-A ਸਮੇਤ ਸੰਬੰਧਤ ਧਾਰਾਵਾਂ ਅਧੀਨ ਤੁਰੰਤ FIR ਦਰਜ ਕਰਨ ਅਤੇ ਉਸ ਦੇ ਅਪਮਾਨਜਨਕ ਬਿਆਨ ਦੀ ਵੀਡੀਓ/ਆਡੀਓ ਰਿਕਾਰਡਿੰਗ ਦਾ ਫੋਰੈਂਸਿਕ ਮੁਲਾਂਕਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਸਿੱਖ ਦੀ ਦਸਤਾਰ ਭਾਵ ਪੱਗ ਦੀ ਪਵਿੱਤਰ ਪਹਿਚਾਣ ਅਤੇ ਸਤਿਕਾਰ ਬਣਾਈ ਰੱਖਣ ਲਈ ਮੇਰੀ ਅਤੇ ਸਿੱਖ ਕੌਮ ਦੀਆਂ ਦਿਲੀ ਭਾਵਨਾਵਾਂ ਅਤੇ ਧਾਰਮਿਕ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਨੂੰ ਪੁਲਿਸ ਵਿਭਾਗ ਵੱਲੋਂ ਪੂਰੀ ਸੰਜੀਦਗੀ ਅਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ।

