ਜਲੰਧਰ ਦੇ ਕਾਜ਼ੀ ਮੰਡੀ ਨਾਲ ਲੱਗਦੇ ਸੰਤੋਸ਼ੀ ਨਗਰ ਇਲਾਕੇ ‘ਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਕਰੀਬ 10 ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਮਾਮੂਲੀ ਝਗੜੇ ਨੂੰ ਲੈ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਲਾਕੇ ਵਿੱਚ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਮਲਾਵਰਾਂ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤੀ ਹੈ। ਇਹ ਘਟਨਾ ਸੰਤੋਸ਼ੀ ਨਗਰ ਦੀ ਲੇਨ ਨੰਬਰ 2 ਵਿੱਚ ਵਾਪਰੀ। ਹਮਲਾਵਰ ਵੀ ਕਥਿਤ ਤੌਰ ‘ਤੇ ਸੰਤੋਸ਼ੀ ਨਗਰ ਦੇ ਵਸਨੀਕ ਹਨ। ਸੰਤੋਸ਼ੀ ਨਗਰ ਦੇ ਵਸਨੀਕ ਮਿੰਟੂ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਰਾਜੀਵ ਕੁਮਾਰ ਦਾ ਉਸ ਨੌਜਵਾਨ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਮਿੰਟੂ ਨੇ ਕਿਹਾ ਕਿ ਰਾਜੀਵ ਆਪਣੀ ਕਾਰ ਪਾਰਕ ਕਰਨ ਗਿਆ ਸੀ ਅਤੇ ਦੋ ਤੋਂ ਤਿੰਨ ਨੌਜਵਾਨਾਂ ਨਾਲ ਝਗੜਾ ਹੋਇਆ।
ਮਿੰਟੂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਹਥਿਆਰਾਂ ਨਾਲ ਲੈਸ ਕਰੀਬ 10 ਨੌਜਵਾਨ ਉਨ੍ਹਾਂ ਦੀ ਗਲੀ ਵਿੱਚ ਆ ਗਏ ਅਤੇ ਉਸ ਦੇ ਭਰਾ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਇਸ ਘਟਨਾ ਵਿੱਚ ਉਸ ਦੇ ਭਰਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਹਮਲਾਵਰਾਂ ਨੇ ਹੰਗਾਮਾ ਕੀਤਾ ਅਤੇ ਲੋਕਾਂ ਦੇ ਦੋਪਹੀਆ ਵਾਹਨ ਵੀ ਤੋੜ ਦਿੱਤੇ।
ਮਿੰਟੂ ਨੇ ਕਿਹਾ ਕਿ ਹਮਲਾਵਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਥੋਂ ਫਰਾਰ ਹੋ ਗਏ। ਦੋਸ਼ ਹੈ ਕਿ ਹਮਲਾਵਰਾਂ ਨੇ ਕਈ ਘਰਾਂ ‘ਤੇ ਪੱਥਰ ਵੀ ਸੁੱਟੇ। ਫਿਰ ਵਸਨੀਕਾਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਮਾ ਮੰਡੀ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

