ਡੇਂਗੂ ਲਾਰਵਾ ਦੀ ਚੈਕਿੰਗ ਅਤੇ ਸਪਰੇਅ ਲਈ ਕੋਟਕਪੁਰਾ ਵਿਖੇ ਗਤੀਵਿਧੀਆਂ ਤੇਜ

ਫਰੀਦਕੋਟ 1 ਦਸੰਬਰ : ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਯੋਗ ਅਗਵਾਈ ਹੇਠ ਡੇਂਗੂ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਸਿਹਤ ਵਿਭਾਗ ਦੇ 30 ਕਰਮਚਾਰੀਆਂ ਵੱਲੋਂ ਟੀਮਾਂ ਬਣਾ ਕੇ ਤਕਰੀਬਨ ਸਾਰੇ ਘਰਾਂ ਵਿੱਚ ਲਾਰਵੇ ਦੀ ਚੈਕਿੰਗ, ਡੇਂਗੂ ਜਾਗਰੂਕਤਾ ਅਤੇ ਸਪਰੇਅ ਕਾਰਵਾਈ ਜਾ ਰਹੀ ਹੈ ।
ਡਾ. ਚੰਦਰ ਸ਼ੇਖਰ ਕੱਕੜ ਨੇ ਅੱਜ ਅਸਿਸਟੈਂਟ ਮਲੇਰੀਆ ਅਫਸਰ, ਸਿਹਤ ਸੁਪਰਵਾਈਜਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਇਹਨਾਂ ਗਤੀਵਿਧੀਆਂ ਦੀ ਚੈਕਿੰਗ ਕੀਤੀ ਗਈ ਅਤੇ ਆਮ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਫਰੀਦਕੋਟ ਨੇ ਕਿਹਾ ਕਿ ਸਿਹਤ ਵਿਭਾਗ ਫਰੀਦਕੋਟ ਵੱਲੋਂ ਜਿਲ੍ਹਾ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰ ਆਉਣ ਤੇ ਸਹਿਯੋਗ ਦਿੱਤਾ ਜਾਵੇ । ਉਹਨਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਫੋਕਲ ਪੁਆਇੰਟ, ਬਸਤੀਆਂ, ਘਰਾਂ, ਦੁਕਾਨਾਂ ਅਤੇ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਦੇ ਸਥਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਰੀਡਿੰਗ ਚੈਂਕਰਾਂ ਦੁਆਰਾ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਜਿਲ੍ਹਾ ਐਪੀਡੀਮਾਲੋਜਿਸਟ ਡਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇੱਹ ਮੱਛਰ ਸਾਫ ਖੜੇ ਪਾਣੀ ਦੇ ਸੋਮੇ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ । ਉਹਨਾਂ ਦੱਸਿਆ ਕਿ ਤੇਜ ਬੁਖਾਰ, ਸਿਰ-ਦਰਦ, ਮਾਸਪੇਸੀਆਂ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜੇ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਇਸ ਦੇ ਲੱਛਣ ਹਨ, ਸੋ ਡੇਂਗੂ ਤੋਂ ਬਚਾਅ ਲਈ ਆਲੇ ਦੁਆਲੇ ਸਫਾਈ ਦੇ ਨਾਲ ਨਾਲ ਹਰ ਹਫਤੇ ਕੂਲਰਾਂ-ਫਰਿਜ਼ਾ ਅਤੇ ਗਮਲਿਆਂ, ਟਰੇਅ ਵਿੱਚ ਖੜੇ ਪਾਣੀ ਨੂੰ ਜਰੂਰ ਸਾਫ ਕਰੋ, ਛੱਤਾਂ ਦੇ ਰੱਖੀਆਂ ਪਾਣੀ ਦੀ ਟੈਂਕੀਆਂ-ਟੁੱਟੇ ਬਰਤਨਾਂ ਅਤੇ ਡਰੱਮਾਂ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਪਾਣੀ ਜਮ੍ਹਾਂ ਨਾ ਹੋ ਸਕੇ। ਕੱਪੜੇ ਅਜਿਹੇ ਪਹਿਨੋ ਕਿ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰ-ਦਾਨੀ, ਮੱਛਰ ਭਜਾਉਣ ਵਾਲੀ ਕਰੀਮਾਂ-ਤੇਲ ਅਦਿ ਦਾ ਇਸਤਮਾਲ ਕਰੋ । ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰੀ ਜਾਂਚ ਕਰਵਾਈ ਜਾਵੇ । ਡੇਂਗੂ ਹੋਣ ਦੀ ਸੂਰਤ ਵਿੱਚ ਪਾਣੀ, ਤਰਲ ਚੀਜਾਂ ਜਿਆਦਾ ਪੀਓ, ਅਤੇ ਅਰਾਮ ਕਰੋ । ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਕੀਤਾ ਜਾਂਦਾ ਹੈ ।

Leave a Reply

Your email address will not be published. Required fields are marked *