ਕੌਮੀ ਪਤ੍ਰਿਕਾ ਬਿਊਰੋ, ਲੌਂਗੋਵਾਲ,4 ਜੂਨ (ਜਗਸੀਰ ਸਿੰਘ) – ਸਫ਼ਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਕਾਰਨ ਜਿੱਥੇ ਪੂਰੇ ਪੰਜਾਬ ਅੰਦਰ ਸਫ਼ਾਈ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ । ਉਥੇ ਹੀ ਕਸਬਾ ਲੌਂਗੋਵਾਲ ਵਿਖੇ ਵੀ ਸਥਿਤੀ ਬਹੁਤ ਗੰਭੀਰ ਹੈ ।ਇਸ ਲਈ ਲੌਂਗੋਵਾਲ ਦੇ ਕੌਂਸਲਰਾਂ ਨੇ ਪਿਛਲੇ ਦਿਨੀਂ ਇਲਾਕੇ ਦੀਆ ਧਾਰਮਿਕ,ਸਮਾਜਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਸੰਸਥਾਵਾਂ ਨੂੰ ਕਸਬੇ ਵਿਖੇ ਸਫਾਈ ਅਭਿਆਨ ਚਲਾਉਣ ਲਈ ਸੱਦਾ ਦਿੱਤਾ ਸੀ ਅਤੇ ਇਸ ਸਬੰਧੀ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਇੱਕ ਅਹਿਮ ਮੀਟਿੰਗ ਵੀ ਰੱਖੀ ਗਈ ਸੀ।ਪਰ ਜਦੋਂ ਅੱਜ ਕੌਂਸਲ ਦਫਤਰ ਵਿਖੇ ਕੌਂਸਲਰ ਮੀਟਿੰਗ ਕਰਨ ਲਈ ਪੁੱਜੇ ਤਾਂ ਉੱਥੇ ਧਰਨਾ ਲਗਾਈ ਬੈਠੇ ਸਫਾਈ ਸੇਵਕਾਂ ਨੇ ਇਸ ਸਫਾਈ ਅਭਿਆਨ ਦਾ ਪੂਰਾ ਵਿਰੋਧ ਕੀਤਾ, ਸਫ਼ਾਈ ਸੇਵਕਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਇਸ ਨਾਲ ਸਾਡੀ ਕਈ ਦਿਨਾਂ ਤੋਂ ਚਲ ਰਹੀ ਹਡ਼ਤਾਲ ਨੂੰ ਕਾਫ਼ੀ ਧੱਕਾ ਲੱਗੇਗਾ, ਇਸ ਲਈ ਸਫ਼ਾਈ ਮੁਹਿੰਮ ਨੂੰ ਰੱਦ ਕੀਤਾ ਜਾਵੇ । ਇਸ ਮੌਕੇ ਕੌਂਸਲਰ ਰਣਜੀਤ ਸਿੰਘ ਕੂਕਾ, ਕੌਂਸਲਰ ਗੁਰਮੀਤ ਸਿੰਘ ਲੱਲੀ ,ਕੌਂਸਲਰ ਬਲਵਿੰਦਰ ਸਿੰਘ ਕਾਲਾ,ਕੌੰਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਸੁਸ਼ਮਾ ਰਾਣੀ ,ਕੌਂਸਲਰ ਪਰਮਿੰਦਰ ਕੌਰ ਬਰਾੜ, ਕਸਬੇ ਦੇ ਸੀਨੀਅਰ ਆਪ ਆਗੂ ਕਰਮ ਸਿੰਘ ਬਰਾੜ ਅਤੇ ਉੱਘੇ ਸਮਾਜ ਸੇਵਕ ਸਿਸ਼ਨਪਾਲ ਗਰਗ ਨੇ ਸਫ਼ਾਈ ਸੇਵਕਾਂ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ ਕਿ ਜੇਕਰ ਇਲਾਕੇ ਅੰਦਰ ਇਸੇ ਤਰ੍ਹਾਂ ਕੂੜਾ ਕਰਕਟ ਤੇ ਗੰਦਗੀ ਪਈ ਰਹੀ ਤਾਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਹੈ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ, ਪਰ ਸਫ਼ਾਈ ਸੇਵਕਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਲੌਂਗੋਵਾਲ ਵਿਖੇ ਸਫ਼ਾਈ ਨਾ ਕੀਤੀ ਜਾਵੇ । ਇਸ ਸਮੇਂ ਕਾਫ਼ੀ ਦੇਰ ਗਹਿਰੀ ਚਰਚਾ ਕਰਨ ਤੋਂ ਬਾਅਦ ਕੌਂਸਲਰਾਂ ਨੇ ਸਫ਼ਾਈ ਸੇਵਕਾਂ ਦੀ ਅਹਿਮ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਸਬੇ ਵਿਖੇ ਚਲਾਏ ਜਾਣ ਵਾਲੇ ਸਫ਼ਾਈ ਅਭਿਆਨ ਨੂੰ ਰੱਦ ਕਰ ਦਿੱਤਾ । ਇਸ ਮੌਕੇ ਗੱਲਬਾਤ ਕਰਦਿਆਂ ਸਮੁੱਚੇ ਕੌਂਸਲਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਜਲਦੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੂਰੀ ਸਫ਼ਾਈ ਵਿਵਸਥਾ ਸਹੀ ਤਰੀਕੇ ਨਾਲ ਚੱਲ ਸਕੇ। ਇਸ ਸ਼ਮੇ ਵਿਰੋਧੀ ਧਿਰ ਦੇ 6 ਕੌਂਸਲਰਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਪੂਰਨ ਤੌਰ ਤੇ ਹਮਾਇਤ ਕਰਦੇ ਹਾਂ ਅਤੇ ਇਨ੍ਹਾਂ ਦੇ ਹਰ ਸੰਘਰਸ਼ ਵਿੱਚ ਆਪਣਾ ਪੂਰਨ ਤੌਰ ਤੇ ਯੋਗਦਾਨ ਵੀ ਪਾਵਾਂਗੇ । ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਉੱਘੇ ਸਮਾਜ ਸੇਵਕ ਜਸਵੀਰ ਸਿੰਘ ਲੌਂਗੋਵਾਲ ਵੀ ਮੌਜੂਦ ਸਨ ।