ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਦਿੱਤੀ ਹੈ। ਸਿੱਧੂ ਨੇ ਆਖਿਆ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਹ ਮੁਲਾਕਾਤ ਸੋਮਵਾਰ ਸ਼ਾਮ 5 ਵਜੇ ਚੰਡੀਗੜ੍ਹ ਵਿਚ ਹੋਵੇਗੀ। ਅੱਗੇ ਜਾਣਕਾਰੀ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਮੁਲਾਕਾਤ ਵਿਚ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਆਦਿ ਦੇ ਮੁੱਦਿਆਂ ’ਤੇ ਵਿਚਾਰ ਵਟਾਂਦਾਰ ਕੀਤਾ ਜਾਵੇਗਾ। ਪੰਜਾਬ ਦਾ ਭਲਾ ਸਮੂਹਿਕ ਇਮਾਨਦਾਰ ਯਤਨਾ ਸਦਕਾ ਹੀ ਸੰਭਵ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਹਾਈਕਮਾਨ ਨੂੰ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਤੋਂ ਸਫਾਈ ਮੰਗੀ ਜਾਵੇ। ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ? ਇਸ ਚਿੱਠੀ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਪੰਜਾਬ ਵਿਚ ਨਵੰਬਰ 2021 ਤੋਂ ਪਾਰਟੀ ਇੰਚਾਰਜ ਹੋਣ ਤੋਂ ਬਾਅਦ ਹੁਣ ਤਕ ਮੇਰਾ ਮੁਲਾਂਕਣ ਹੈ ਕਿ ਸਿੱਧੂ ਲਗਾਤਾਰ ਕਾਂਗਰਸ ਸਰਕਾਰ ਦੇ ਕੰਮਕਾਜ ਦੀ ਅਲੋਚਨਾ ਕਰਦੇ ਰਹੇ ਹਨ। ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਕਿਹਾ, ਕਿਉਂਕਿ ਪਾਰਟੀ ਚੋਣਾਂ ਲੜ ਰਹੀ ਸੀ, ਅਜਿਹੇ ਵਿਚ ਸਿੱਧੂ ਦੇ ਵਰਤਾਅ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਰਾਜਾ ਵੜਿੰਗ ਦੇ ਤਾਜ਼ਪੋਸ਼ੀ ਸਮਾਗਮ ਵਿਚ ਨਵਜੋਤ ਸਿੱਧੂ ਦਾ ਵਤੀਰਾ ਠੀਕ ਨਹੀਂ ਸੀ।