ਸੰਗਰੂਰ,1 ਜੂਨ (ਜਗਸੀਰ ਲੌਂਗੋਵਾਲ ) – ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੱਧ ਰਹੀ ਬੇਰੁਜ਼ਗਾਰੀ,ਸਰਕਾਰੀ ਤੇ ਪ੍ਰਾਈਵੇਟ ਕਰਜਿਆਂ ਦੇ ਜਾਲ ਵਿੱਚ ਫਸੇ ਕਿਸੇ ਵੀ ਗਰੀਬ ਪਰਿਵਾਰ ਦਾ ਘਰ, ਜਮੀਨ ਦੀ ਕੁਰਕੀ ਨਹੀਂ ਹੋਣ ਦੇਵਾਗੇ ਇਹ ਐਲਾਨ ਅੱਜ ਸਥਾਨਕ ਦਾਣਾ ਮੰਡੀ ਵਿੱਚ ਮਜਦੂਰ ਮੁਕਤੀ ਮੋਰਚਾ ਪੰਜਾਬ ਵਰਕਰਾਂ ਤੇ ਆਗੂਆਂ ਦੀ ਹੋਈ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕੀਤਾ । ਇਸ ਸਮੇਂ ਜਥੇਬੰਦੀ ਨੇ ਨਵੇਂ ਜਿਲ੍ਹੇ ਮਲੇਰਕੋਟਲਾ ਲਈ 17 ਮੈਬਰੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਤਾਇਬਾ ਬੇਗਮ, ਸਕੱਤਰ ਹਰਦੀਪ ਕੌਰ ਕੁਠਾਲਾ ਨੂੰ ਚੁਣਿਆ ਗਿਆ ।ਇਸ ਮੌਕੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਪਾਰਟੀ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਜਵਾਬ ਦਿਓ, ਹਿਸਾਬ ਦਿਓ ਦੇ ਨਾਹਰੇ ਹੇਠ 7 ਅਤੇ 8 ਜੂਨ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਦਫਤਰਾਂ ਅੱਗੇ ਦੋ ਦਿਨਾਂ ਦੇ ਧਰਨੇ
ਦੇਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਮੱਖਣ ਸਿੰਘ ਰਾਮਗੜ ਨੇ ਕਿਹਾ ਕਿ ਜਿਥੇ ਕੈਪਟਨ ਸਰਕਾਰ ਵੱਲੋਂ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਉਥੇ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਰੋਲ ਵੀ ਮਜਦੂਰ ਵਿਰੋਧੀ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾ ਖਿਲਾਫ਼ ਬੋਲਣ ਵਾਲੇ ਕੈਪਟਨ, ਬਾਦਲ, ਤੇ ਆਪ ਲੀਡਰ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾ ਵਿੱਚ ਕੀਤੀਆਂ ਮਜਦੂਰ ਮਾਰੂ ਸੋਧਾਂ ਵਾਰੇ ਚੁੱਪ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਸਭ ਮਜਦੂਰ ਵਿਰੋਧੀ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਮ ਜਨਤਾ ਮਹਿੰਗਾਈ ਤੇ ਕਰਜਿਆ ਦੇ ਜਾਲ ਵਿੱਚ ਫ਼ਸ ਨਰਕ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ, ਪਿਛਲੇ ਦਿਨੀ ਜਿਲ੍ਹੇ ਦੇ ਪਿੰਡ ਕੁਠਾਲਾ ਵਿਖੇ ਇੱਕ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਕਰਜੇ ਕਾਰਨ ਕੀਤੀ ਆਤਮ ਹੱਤਿਆ ਲਈ ਸੂਬਾ ਸਰਕਾਰ ਜੁੰਮੇਂਵਾਰ ਹੈ । ਇਸ ਮੌਕੇ ਆਗੂਆਂ ਨੇ ਫੈਸਲਾ ਕੀਤਾ ਕਿ ਨਵੇਂ ਜਿਲ੍ਹੇ ਮਲੇਰਕੋਟਲਾ ਵਿਖੇ 7 ਅਤੇ 8 ਜੂਨ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਘਰ ਅੱਗੇ 2 ਦਿਨਾਂ ਦਾ ਧਰਨਾ ਦਿੱਤਾ ਜਾਵੇਗਾ।