ਵਿਦੇਸ਼ੀ ਧਰਤੀ ਤੇ ਮਾਂ ਬੋਲੀ ਲਈ ਡਟਿਆ ਹੋਇਆ ਪੰਜਾਬੀ ਦਾ ਪੁੱਤਰ : ਸਰਦਾਰ ਰਵਿੰਦਰ ਸਿੰਘ ਕੰਗ
ਬਹੁਤ ਸੁਣੀਂਦਾ ਬਈ ਫਲਾਣਾ ਸਿਉਂ ਕਨੇਡਾ ਚਲਾ ਗਿਆ ਤੇ ਜਾਣ ਸਾਰ ਅੰਗਰੇਜ਼ੀ ਨੂੰ ਮੂੰਹ ਮਾਰਨ ਲੱਗ ਪਿਆ ਹੈ ਤੇ ਅਜਿਹਾ ਬਹੁਤੇ ਪੰਜਾਬੀਆਂ ਦਾ ਹਾਲ ਹੈ ਜੋ ਵਿਦੇਸ਼ੀ ਧਰਤੀ ਤੇ ਉਤਰਦੇ ਹੀ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਘਟੀਆ ਸਮਝਣ ਲੱਗ ਜਾਂਦੇ ਹਨ ਅਤੇ ਖੁਦ ਨੂੰ ਜ਼ਿਆਦਾ ਹਾਈ ਫਾਈ ਤੇ ਪੜ੍ਹਿਆ ਲਿਖਿਆ ਅਖਵਾਉਣ ਦੇ ਚੱਕਰ ਵਿੱਚ ਆਪਣੀ ਮਾਂ ਬੋਲੀ ਨੂੰ ਪਿੱਛੇ ਸੁੱਟ ਕੇ ਮਤਰੇਈ ਨੂੰ ਗਲ ਨਾਲ ਲਾ ਲੈਂਦੇ ਹਨ । ਪਰ ਅੱਜ ਜਿਸ ਸ਼ਖਸੀਅਤ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਇਨ੍ਹਾਂ ਗੱਲਾਂ ਤੋਂ ਬਿਲਕੁਲ ਉਲਟ ਹੈ । ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਉਨ੍ਹਾਂ ਦੇ ਰੋਮ ਰੋਮ ਵਿਚ ਠਾਠਾਂ ਮਾਰਦਾ ਹੈ । ਮੇਰੀ ਮੁਰਾਦ ਹੈ ਸਰਦਾਰ ਰਵਿੰਦਰ ਸਿੰਘ ਕੰਗ ਹੋਰਾਂ ਤੋਂ । ਇਹਨਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਮਹਿਰਾਜ ਵਾਲਾ ਦਾ ਹੈ ਅਤੇ ਇਹਨਾਂ ਦਾ ਪਰਿਵਾਰ ਰਾਜਸਥਾਨ ਦੇ ਜ਼ਿਲ੍ਹਾ ਸ੍ਰੀਗੰਗਾਨਗਰ ,ਤਹਿਸੀਲ ਕਰਨਪੁਰ ( ਸ਼੍ਰੀ ਕੇਸਰੀ ਪੁਰ ਮੰਡੀ) ਨੇੜਲੇ ਪਿੰਡ 20 F ਵਿੱਚ ਕੋਈ 100 ਸਾਲ( ਕਰੀਬ) ਪਹਿਲਾਂ ਜਾ ਕੇ ਵਸ ਗਏ ਸਨ ।
ਸਰਦਾਰ ਰਵਿੰਦਰ ਸਿੰਘ ਕੰਗ ਨੇ ਆਪਣੀ ਮੁੱਢਲੀ ਵਿੱਦਿਆ ਬੀ ਏ ਦੀ ਡਿਗਰੀ ਰਾਜਸਥਾਨ ਵਿੱਚ ਹੀ ਹਾਸਲ ਕੀਤੀ। ਉੱਨੀ ਸੌ ਚੁਰਾਸੀ ਵਿਚ ਜਦੋਂ ਕਿ ਪੰਜਾਬ ਦੇ ਹਾਲਤ ਕਾਫੀ ਵਿਗੜੇ ਹੋਏ ਸਨ,ਆਪ ਪ੍ਰਵਾਸੀ ਧਰਤੀ ਕੈਨੇਡਾ ਚਲੇ ਗਏ । ਉਥੇ ਹੱਡ ਭੰਨਵੀਂ ਮਿਹਨਤ ਕੀਤੀ ਤੇ ਉੱਥੋਂ ਦੇ ਪੱਕੇ ਵਸਨੀਕ ਬਣ ਗਏ ।
ਬੇਸ਼ਕ ਰਵਿੰਦਰ ਸਿੰਘ ਕੰਗ ਜੀ ਨੇ ਆਪਣੀ ਮਿਹਨਤ ਦੇ ਬਲਬੂਤੇ ਉਥੇ ਖੂਹ ਨਾਮਣਾਂ ਅਤੇ ਨਾਵਾਂ ਕਮਾਇਆ ਹੈ, ਪਰ ਆਕੜ , ਹੰਕਾਰ ਨੂੰ ਅਪਣੇ ਨੇੜੇ ਨਹੀਂ ਆਉਣ ਦਿੱਤਾ । ਉਹ ਬਹੁਤ ਹੀ ਨਿਰਮਾਣ ਤੇ ਸਾਊ ਤਬੀਅਤ ਦੇ ਮਾਲਕ ਹਨ । ਉਹਨਾਂ ਦੀ ਦਿੱਖ ਵੀ ਬਹੁਤ ਸਾਦਗੀ ਵਾਲੀ ਸੁਭਾਅ ਬਹੁਤ ਮਿੱਠਾ ਹੈ । ਕੋਈ ਵੀ ਇੱਕ ਵਾਰ ਗੱਲ ਕਰਕੇ ਹੀ ਉਨ੍ਹਾਂ ਦਾ ਮੁਰੀਦ ਬਣ ਜਾਂਦਾ ਹੈ । ਇਸ ਤੋਂ ਇਲਾਵਾ ਉਹ ਵਾਅਦੇ ਦੇ ਵੀ ਪੱਕੇ ਇਨਸਾਨ ਹਨ ਅਤੇ ਕਹਿਣੀ ਤੇ ਕਰਨੀ ਦੇ ਇੱਕ ਹਨ । ਬਜ਼ੁਰਗਾਂ ਦੀ ਇੱਜ਼ਤ ਵੀ ਬਹੁਤ ਚੰਗੀ ਤਰ੍ਹਾਂ ਕਰਦੇ ਹਨ ।
ਬਰੈਂਪਟਨ ਵਿਚ ਲੰਬਾ ਸਮਾਂ ਰਹਿਣ ਕਰਕੇ ਉਹ ਹਰ ਮੁੱਦੇ ਦੇ ਜਾਣਕਾਰ ਹੋਣ ਕਰਕੇ ਸਭ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ । ਇਸੇ ਲਈ ਤਾਂ ਉੱਥੇ ਉਨ੍ਹਾਂ ਦਾ ਖੂਬ ਮਾਣ-ਸਤਿਕਾਰ ਹੈ ।
ਇਸ ਤੋਂ ਇਲਾਵਾ ਕੰਗ ਸਾਹਿਬ ਵਿੱਚ ਮਾਂ-ਬੋਲੀ ਦਾ ਪਿਆਰ ਠਾਠਾਂ ਮਾਰਦਾ ਹੈ। ਓਨਟਾਰੀਓ ਫਰੈਂਡਜ਼ ਕਲੱਬ , ਜੀਹਦੇ ਉਹ ਪ੍ਰਧਾਨ ਹਨ, ਵੱਲੋਂ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਦੇ ਸੰਗ੍ਰਹਿ ਵੀ ਉਹ ਪੰਜਾਬੀ ,ਹਿੰਦੀ ,ਅੰਗਰੇਜ਼ੀ ਅਤੇ ਸ਼ਾਹਮੁਖੀ ਦੇ ਨਾਲ ਛਪਵਾ ਰਹੇ ਹਨ ਤੇ ਕਿਤਾਬਾਂ ਨੂੰ ਲਾਇਬ੍ਰੇਰੀਆਂ ਲਈ ਭੇਜਣਾ , ਉਨ੍ਹਾਂ ਦੀ ਬਹੁਤ ਵੱਡੀ ਪਹਿਲ ਹੈ। ਉਹ ਪੰਜਾਬੀ ਕਾਨਫਰੰਸ ਜਿਸਦੇ ਕਿ ਉਹ ਪ੍ਰਧਾਨ ਹਨ ,ਵੀ ਇਸੇ ਸਾਲ ਜੂਨ ਵਿੱਚ ਕਰਾਉਣ ਜਾ ਰਹੇ ਹਨ ।
ਜਗਤ ਪੰਜਾਬੀ ਸਭਾ ਸੰਸਥਾ ਦੇ ਵੀ ਉਹ ਪ੍ਰਧਾਨ ਹਨ ਅਤੇ ਭਾਈਚਾਰਕ ਮਿਲਵਰਤਨ ਦੇ ਲਈ ਬਹੁਤ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ (ਪਬਪਾ )ਕੈਨੇਡਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਹਨ ।
ਇਸ ਤੋਂ ਇਲਾਵਾ ਸਰਦਾਰ ਰਵਿੰਦਰ ਸਿੰਘ ਕੰਗ ਨੂੰ ਸ੍ਰੀਮਾਨ ਸਟੀਵਨ ਡੈਲ ਡੂਕਾ , ਲਿਬਰਲ ਪਾਰਟੀ ਦੇ ਮੌਜੂਦਾ ਜੋ ਆਗੂ ਹਨ , ਉਹਨਾਂ ਵਾਸਤੇ ਮਾਰਚ 2020 ਲੀਡਰਸ਼ਿਪ ਚੋਣ ਲਈ ਡੈਲੀਗੇਟ ਵੀ ਚੁਣੇ ਗਏ ਸਨ ।
ਇਸ ਤੋਂ ਇਲਾਵਾ ਇਨ੍ਹਾਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਹ ਸਮਾਜ ਸੇਵਾ ਲਈ ਵੀ ਤੱਤਪਰ ਰਹਿੰਦੇ ਹਨ । ਬੇਘਰਾਂ ਨੂੰ ਜੈਕਟਾਂ, ਕੋਟ ,ਗਰਮ ਬਿਸਤਰ ਤੇ ਲਾਕਡਾਊਨ ਦੌਰਾਨ ਭੋਜਨ ਹੋਰ ਜ਼ਰੂਰੀ ਵਸਤਾਂ ਨੂੰ ਉਨ੍ਹਾਂ ਤੱਕ ਪਹੁੰਚਾਉਂਦੇ ਹਨ ।
ਮੇਰੀਆਂ ਦਿਲੋਂ ਦੁਆਵਾਂ ਹਨ ਕਿ ਸਰਦਾਰ ਕੰਗ ਹਮੇਸ਼ਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਨਾਲ , ਮਾਂ ਬੋਲੀ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕਰਨ ਲਈ ਇਸੇ ਤਰ੍ਹਾਂ ਜੁਟੇ ਰਹਿਣ ।ਰੱਬ ਉਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖ਼ਸ਼ੇ । ਆਮੀਨ
ਰਾਜਨਦੀਪ ਕੌਰ ਮਾਨ