ਜਗਤਾਰ ਸਿੰਘ ਲਾਂਬਾ, ਅੰਮ੍ਰਿਤਸਰ, 3 ਜੂਨ: ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਹਰਿਮੰਦਰ ਸਾਹਿਬ ਵਿੱਚ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਅੱਜ ਸੰਗਤ ਦਰਸ਼ਨ ਲਈ ਲਿਆਂਦਾ ਗਿਆ ਹੈ। ਇਸ ਜ਼ਖ਼ਮੀ ਸਰੂਪ ਨੂੰ ਇੱਥੇ ਅਕਾਲ ਤਖ਼ਤ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਦੇ ਅਸਥਾਨ ’ਤੇ ਸੰਗਤ ਦਰਸ਼ਨ ਲਈ ਰੱਖਿਆ ਗਿਆ ਹੈ।
ਲਗਪਗ 37 ਵਰ੍ਹਿਆਂ ਬਾਅਦ ਸਿੱਖ ਸੰਗਤ ਨੇ ਅੱਜ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਹਨ। ਉਹ ਗੋਲੀ ਵੀ ਇਥੇ ਰੱਖੀ ਗਈ ਹੈ ਜਿਸ ਨਾਲ ਇਹ ਪਾਵਨ ਸਰੂਪ ਜ਼ਖ਼ਮੀ ਹੋਇਆ ਸੀ। ਇਹ ਗੋਲੀ ਪਾਵਨ ਸਰੂਪ ਦੀ ਜਿਲਦ ਦੇ ਅੰਦਰ ਧੱਸ ਗਈ ਸੀ ਅਤੇ ਇਸ ਨਾਲ ਲਗਪਗ 90 ਅੰਗ ਜ਼ਖ਼ਮੀ ਹੋਏ, ਜਿਨ੍ਹਾਂ ਦੀ ਸੇਵਾ ਸੰਭਾਲ ਰਾਹੀਂ ਮੁਰੰਮਤ ਕੀਤੀ ਗਈ ਹੈ ਤਾਂ ਜੋ ਇਸ ਦੇ ਅੰਗਾਂ ਦਾ ਹੋਰ ਨੁਕਸਾਨ ਹੋਣ ਤੋ ਬਚਾਇਆ ਜਾ ਸਕੇ। ਜਿਲਦ ਦੇ ਬਾਹਰ ਗੋਲੀ ਲੱਗਣ ਦੇ ਨਿਸ਼ਾਨਾਂ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਹੈ। ਜੂਨ 1984 ਵਿੱਚ ਜਦੋਂ ਫੌਜੀ ਹਮਲਾ ਹੋਇਆ ਸੀ ਤਾਂ ਉਸ ਵੇਲੇ ਇਹ ਸਰੂਪ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਹੋਇਆ ਸੀ। ਇਸ ਦੌਰਾਨ ਹੋ ਰਹੀ ਗੋਲੀਬਾਰੀ ਦੌਰਾਨ ਇਕ ਗੋਲੀ ਇਸ ਪਾਵਨ ਸਰੂਪ ਨੂੰ ਲੱਗੀ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਇਸ ਪਾਵਨ ਸਰੂਪ ਦੇ ਦਰਸ਼ਨ ਕਰਵਾਏ ਹਨ ਅਤੇ ਅਤੇ ਸਰੂਪ ਨੂੰ ਜ਼ਖ਼ਮੀ ਕਰਨ ਵਾਲੀ ਗੋਲੀ ਵੀ ਦਿਖਾਈ ਹੈ।