ਉੱਤਰ ਪ੍ਰਦੇਸ਼ ਤੇ ਪੰਜਾਬ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ ਸ਼ੁਰੂ ਹੋਣਗੀਆਂ। ਯੂਪੀ, ਪੰਜਾਬ ਤੋਂ ਇਲਾਵਾ ਉੱਤਰਾਖੰਡ, ਮਨੀਪੁਰ ਤੇ ਗੋਆ ਦੀ ਜਨਤਾ ਵੀ ਆਪਣਾ ਵਿਧਾਇਕ ਚੁਣਨ ਲਈ ਵੋਟ ਕਰਨਗੇ। ਚੋਣਾਂ 5 ਰਾਜਾਂ ਵਿੱਚ ਹਨ ਪਰ ਸਭ ਤੋਂ ਵੱਧ ਰੌਲਾ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਹੈ।
ਯੂਪੀ ‘ਚ ਜਿੱਥੇ ਭਾਜਪਾ ਸੱਤਾ ‘ਚ ਵਾਪਸੀ ਦੀ ਉਮੀਦ ਕਰ ਰਹੀ ਹੈ, ਉੱਥੇ ਹੀ ਸਮਾਜਵਾਦੀ ਪਾਰਟੀ ਪੰਜ ਸਾਲ ਦੇ ਸੋਕੇ ਨੂੰ ਖਤਮ ਕਰਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਲੜਾਈ ਵੀ ਬੜੀ ਦਿਲਚਸਪ ਹੈ। ਕਈ ਦਿੱਗਜ ਇੱਥੇ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਪੰਜਾਬ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਕਿਸ ਦੀ ਸਰਕਾਰ ਬਣੇਗੀ, ਇਹ 10 ਮਾਰਚ ਨੂੰ ਸਪੱਸ਼ਟ ਹੋ ਜਾਵੇਗਾ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਸਾਹਮਣੇ ਪੋਲ ਆਫ ਪੋਲ ਦੇ ਅੰਕੜੇ ਪੇਸ਼ ਕਰ ਰਹੇ ਹਾਂ।
ਯੂਪੀ ਚੋਣਾਂ ਦੇ ਪੋਲ ਆਫ਼ ਪੋਲ ਵਿੱਚ 7 ਏਜੰਸੀਆਂ ਦੇ ਸਰਵੇ ਨੂੰ ਸ਼ਾਮਲ ਕੀਤਾ ਗਿਆ ਹੈ। ਸੀ ਵੋਟਰ ਦੇ ਸਰਵੇਖਣ ਮੁਤਾਬਕ ਵਿਧਾਨ ਸਭਾ ਦੀਆਂ ਕੁੱਲ 403 ਸੀਟਾਂ ਵਿੱਚੋਂ ਭਾਜਪਾ ਨੂੰ 223 ਤੋਂ 235 ਸੀਟਾਂ ਮਿਲ ਸਕਦੀਆਂ ਹਨ। ਸਮਾਜਵਾਦੀ ਪਾਰਟੀ ਨੂੰ 145 ਤੋਂ 157 ਸੀਟਾਂ, ਬਸਪਾ ਨੂੰ 8 ਤੋਂ 16 ਅਤੇ ਕਾਂਗਰਸ ਨੂੰ 3 ਤੋਂ 7 ਸੀਟਾਂ ਨਾਲ ਸੰਤੁਸ਼ਟ ਹੋਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਇੰਡੀਆ ਟੀਵੀ ਦੇ ਸਰਵੇ ਮੁਤਾਬਕ ਭਾਜਪਾ ਨੂੰ 230 ਤੋਂ 235, ਸਪਾ ਨੂੰ 160 ਤੋਂ 165, ਬਸਪਾ ਨੂੰ ਦੋ ਤੋਂ ਪੰਜ ਤੇ ਕਾਂਗਰਸ ਨੂੰ 3 ਤੋਂ ਸੱਤ ਸੀਟਾਂ ਮਿਲ ਸਕਦੀਆਂ ਹਨ।
ਇਸ ਦੇ ਨਾਲ ਹੀ DB Live ਮੁਤਾਬਕ ਸਮਾਜਵਾਦੀ ਪਾਰਟੀ 203 ਤੋਂ 211 ਸੀਟਾਂ ਲੈ ਕੇ ਸਰਕਾਰ ਬਣਾ ਸਕਦੀ ਹੈ। ਇਸ ਸਰਵੇ ਵਿੱਚ 144 ਤੋਂ 152 ਸੀਟਾਂ ਮਿਲ ਸਕਦੀਆਂ ਹਨ। ਬਸਪਾ ਨੂੰ 12 ਤੋਂ 20 ਤੇ ਕਾਂਗਰਸ ਨੂੰ 19 ਤੋਂ 27 ਸੀਟਾਂ ਮਿਲ ਸਕਦੀਆਂ ਹਨ। ਜੇਕਰ ਅਸੀਂ ਇਨ੍ਹਾਂ ਸਾਰੇ ਸਰਵੇਖਣਾਂ ਦੀ ਔਸਤ ਅਰਥਾਤ ਪੋਲ ਆਫ਼ ਪੋਲ ਨੂੰ ਦੇਖੀਏ ਤਾਂ ਭਾਜਪਾ 221 ਤੋਂ 231 ਸੀਟਾਂ ਹਾਸਲ ਕਰ ਕੇ ਸਰਕਾਰ ਬਣਾ ਸਕਦੀ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੂੰ 147 ਤੋਂ 157, ਬਸਪਾ ਨੂੰ ਸੱਤ ਤੋਂ 13 ਅਤੇ ਕਾਂਗਰਸ ਨੂੰ ਪੰਜ ਤੋਂ 9 ਸੀਟਾਂ ਮਿਲ ਸਕਦੀਆਂ ਹਨ।
ਜੇਕਰ ਇਹ ਅੰਕੜੇ ਚੋਣ ਨਤੀਜਿਆਂ ਵਿੱਚ ਰਹੇ ਤਾਂ ਯੋਗੀ ਆਦਿਤਿਆਨਾਥ ਇਤਿਹਾਸ ਰਚਣਗੇ। ਕਿਉਂਕਿ ਯੂਪੀ ਵਿੱਚ 1985 ਤੋਂ ਬਾਅਦ ਕੋਈ ਵੀ ਮੁੱਖ ਮੰਤਰੀ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਨਹੀਂ ਆਇਆ ਹੈ।