ਮੁਬੰਈ, 20 ਅਗਸਤ
ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿੱਚ ਇਕ ਵਾਹਨ ਦੇ ਪਲਟ ਜਾਣ ਕਾਰਨ 13 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਿੰਧਖੇਡਰਾਜਾ-ਮਹਿਕਾਰ ਸੜਕ ’ਤੇ ਪਿੰਡ ਦੁਸਾਰਬਿਦ ਨੇੜੇ ਅੱਜ ਦੁਪਹਿਰ ਵੇਲੇ ਵਾਪਰਿਆ। ਇਹ ਸਾਰੇ ਮਜ਼ਦੂਰ ਯੂਪੀ ਤੇ ਬਿਹਾਰ ਨਾਲ ਸਬੰਧਤ ਸਨ। ਮਜ਼ਦੂਰਾਂ ਨੂੰ ਨਾਗਪੁਰ-ਮੁੰਬਈ ਸਮਰੁੱਧੀ ਐਕਸਪ੍ਰੈਸ ਪ੍ਰਾਜੈਕਟ ਦੀ ਉਸਾਰੀ ਲਈ ਲਿਜਾਇਆ ਜਾ ਰਿਹਾ ਸੀ। ਵਾਹਨ ਵਿੱਚ ਕੁੱਲ 16 ਮਜ਼ਦੂਰ ਸਵਾਰ ਸਨ ਤੇ ਵਾਹਨ ਵਿੱਚ ਸੜਕ ਉਸਾਰੀ ਲਈ ਸਮੱਗਰੀ ਵੀ ਲਿਜਾਈ ਜਾ ਰਹੀ ਸੀ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।