ਹੁਸ਼ਿਆਰਪੁਰ: ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀ ਸੈ ਸਕੂਲ ਕੋਟਲਾ ਨੌਧ ਸਿੰਘ ਸਕੂਲ ਵਿਖੇ ਪਿ੍ਰੰਸੀਪਲ ਸੰਜੀਵ ਕੁਮਾਰ ਅਬਰੋਲ ਦੀ ਅਗਵਾਈ ‘ਚ ਪੰਜਾਬੀ ਸਪਤਾਹ ਨੂੰ ਸਮਰਪਿਤ ਵਿਸ਼ੇਸ਼ ਪ੍ਰੋ੍ਰਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਭਾਸ਼ਨ ,ਕਵਿਤਾਵਾਂ ਤੇ ਪੋਸਟਰ ਬਣਾ ਕੇ ਪੰਜਾਬ ਤੇ ਪੰਜਾਬੀਅਤ ਦੀ ਅਹਿਮੀਅਤ ਨੂੰ ਦਰਸਾਉਣ ਦਾ ਸਫਲ ਯਤਨ ਕੀਤਾ। ਸਕੂਲ ਦੇ ਅਧਿਆਪਕਾਂ ਜਸਵਿੰਦਰ ਸਿੰਘ, ਅਮਰਜੀਤ ਕੌਰ ਤੇ ਵਰਿੰਦਰ ਸਿੰਘ ਨਿਮਾਣਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸੇ ਵੀ ਖੇਤਰ ‘ਚ ਪੈਦਾ ਹੋਣ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਉਸ ਵਿਅਕਤੀ ਦੀ ਆਪਣੀ ਜੁਬਾਨ ਤੇ ਵਿਰਾਸਤ ਨਾਲ ਮਨੋਵਿਗਿਆਨਕ ਤੇ ਸਮਾਜਿਕ ਤੋਰ ‘ਤੇ ਸਾਂਝ ਹੁੰਦੀ ਹੈ, ਜਿਸ ਕਰਕੇ ਸਮਾਜ ‘ਚ ਹਰ ਤਰ੍ਹਾਂ ਦੀ ਤਰੱਕੀ ਦੇ ਨਾਲ ਆਪਣੀ ਜੁਬਾਨ ਤੇ ਇਤਿਹਾਸ ਨਾਲ ਨੇੜਤਾ ਬਣਾ ਕੇ ਰੱਖਣੀ ਵੀ ਸਮੇਂ ਦੀ ਲੋੜ ਹੁੰਦੀ ਹੈ। ਬੁਲਾਰਿਆਂ ਕਿਹਾ ਕਿ ਕੌਮਾਂਤਰੀ ਸੰਸਥਾ ਯੂਨੇਸਕੋ ਦੀ ਰਿਪੋਰਟ ਮੁਤਾਬਿਕ ਦੁਨੀਆਂ ਤੋਂ ਉਹ ਬੋਲੀਆਂ ਅਲੋਪ ਹੋ ਰਹੀਆਂ ਹਨ,ਜਿਨ੍ਹਾਂ ਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਤੇ ਪੰਜਾਬੀ ਬੋਲੀ ਵੀ ਇਸ ਤਰ੍ਾਂ ਦੀ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹੋ ਰਹੀ ਹੈ। ਬੁਲਾਰਿਆਂ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਮਾਣ ਦੀ ਬਹਾਲੀ ਲਈ ਚੀਨ, ਜਾਪਾਨ, ਜਰਮਨ,ਰੂਸ ਤੇ ਇਟਲੀ ਵਰਗੇ ਖੁਸ਼ਹਾਲ ਮੁਲਕਾਂ ਤੇ ਭਾਰਤ ਦੇ ਗੁਜਰਾਤ,ਕੇਰਲ,ਬੰਗਾਲ,ਆਧਰਾ ਪ੍ਰਦੇਸ਼, ਉਡੀਸਾ, ਤਾਮਿਲਨਾਡੂ ਆਦਿ ਰਾਜਾਂ ਦੇ ਲੋਕਾਂ ਵੱਲੋਂ ਸਿੱਖਿਆ ਤੇ ਆਮ ਬੋਲ ਚਾਲ ਦੀ ਜਿੰਦਗੀ ‘ਚ ਦਿੱਤੇ ਜਾਂਦੇ ਮਹੱਤਵ ਤੋਂ ਸਿੱਖਿਆ ਲੈਣ ਦੀ ਵਕਾਲਤ ਕੀਤੀ। ਇਸ ਮੌਕੇ ਪਿ੍ਰੰਸੀਪਲ ਸੰਜੀਵ ਕੁਮਾਰ ਅਬਰੋਲ ਤੇ ਸਮੂਹ ਸਟਾਫ ਵੱਲੋਂ ਵੱਖ ਵੱਖ ਵੰਨਗੀਆ ਪੇਸ਼ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਵੀ ਕੀਤਾ ਗਿਆ ।