ਨਵੀਂ ਦਿੱਲੀ — ਆਉਣ ਵਾਲੇ ਦਿਨਾਂ ’ਚ ਮਹਿੰਗਾਈ ਲੋਕਾਂ ਦੀ ਜੇਬ ’ਤੇ ਭਾਰੀ ਪੈ ਸਕਦੀ ਹੈ। ਖਪਤਕਾਰਾਂ ਨੂੰ ਆਪਣੇ ਰੋਜ਼ਾਨਾ ਦੇ ਸਮਾਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਖਰਚ ਕਰਨੇ ਪੈ ਸਕਦੇ ਹਨ। ਤੁਹਾਡੀਆਂ ਜੇਬਾਂ ’ਤੇ ਤੇਲ, ਸਾਬਣ, ਬਿਸਕੁੱਟ, ਟੁੱਥਪੇਸਟ ਵਰਗੀਆਂ ਚੀਜ਼ਾਂ ਦਾ ਖ਼ਰਚਾ ਭਾਰੀ ਪੈ ਸਕਦਾ ਹੈ। ਉਨ੍ਹਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਤਾਂ ਪਹਿਲਾਂ ਹੀ ਕੀਮਤਾਂ ਵਿਚ ਵਾਧਾ ਕਰ ਚੁੱਕੀਆਂ ਹਨ, ਜਦਕਿ ਕੁਝ ਹੋਰ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਾਮਲੇ ਨੂੰ ਵੇਖ ਰਹੀਆਂ ਹਨ।
ਐਫਐਮਸੀਜੀ ਰੋਜ਼ਾਨਾ ਖਪਤ ਵਾਲੀਆਂ ਚੀਜ਼ਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਮਾਰੀਕੋ ਅਤੇ ਕੁਝ ਹੋਰ ਪਹਿਲਾਂ ਹੀ ਕੀਮਤਾਂ ’ਚ ਵਾਧਾ ਕਰ ਚੁੱਕੀਆਂ ਹਨ, ਜਦੋਂ ਕਿ ਦੂਜੀਆਂ ਕੰਪਨੀਆਂ ਜਿਵੇਂ ਡਾਬਰ, ਪਾਰਲੇ ਅਤੇ ਪਤੰਜਲੀ ਇਸ ਸਥਿਤੀ ’ਤੇ ਡੂੰਘੀ ਨਿਗਰਾਨੀ ਰੱਖ ਰਹੀਆਂ ਹਨ। ਐਫਐਮਸੀਜੀ ਕੰਪਨੀਆਂ ਕੱਚੇ ਮਾਲ ਜਿਵੇਂ ਕਿ ਨਾਰਿਅਲ ਤੇਲ, ਹੋਰ ਖਾਣ ਵਾਲੇ ਤੇਲ, ਪਾਮ ਆਇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਮਾਰਜਨ ਨੂੰ ਘਟ ਕਰ ਰਹੀਆਂ ਹਨ, ਪਰ ਉਹ ਆਪਣੇ ਉਤਪਾਦਾਂ ਦੀਆਂ ਕੀਮਤਾਂ ਨੂੰ ਜ਼ਿਆਦਾ ਦੇਰ ਤੱਕ ਸਥਿਰ ਨਹੀਂ ਰੱਖ ਸਕਣਗੀਆਂ। ਉਨ੍ਹਾਂ ਦਾ ਕੁਲ ਮਾਰਜਨ ਪ੍ਰਭਾਵਤ ਹੋ ਸਕਦਾ ਹੈ।
ਡਾਬਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਕੁਝ ਖਾਸ ਚੀਜ਼ਾਂ ਜਿਵੇਂ ਆਂਵਲਾ ਅਤੇ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਅਸੀਂ ਕੁਝ ਵੱਡੀਆਂ ਜਿਣਸਾਂ ਵਿਚ ਮਹਿੰਗਾਈ ਦੀ ਸੰਭਾਵਨਾ ਨੂੰ ਵੇਖਦੇ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਖੁਦ ਕੱਚੇ ਮਾਲ ਦੀ ਕੀਮਤ ਵਿਚ ਹੋਏ ਵਾਧੇ ਨੂੰ ਸਹਿਣ ਕਰੀਏ ਅਤੇ ਕੁਝ ਚੁਣੇ ਹੋਏ ਮਾਮਲਿਆਂ ਵਿਚ ਹੀ ਕੀਮਤ ਵਿਚ ਵਾਜਬ ਵਾਧਾ ਹੋਵੇਗਾ। ਇਹ ਵਾਧਾ ਮਾਰਕੀਟ ਮੁਕਾਬਲੇ ਦੇ ਅਧਾਰ ਤੇ ਵੀ ਨਿਰਧਾਰਤ ਕੀਤਾ ਜਾ ਸਕਦਾ ਹੈ।
ਪਤੰਜਲੀ ਆਯੁਰਵੈਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅਜੇ ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਸਥਿਤੀ ਵਿਚ ਹਨ ਅਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਵੀ ਉਸੇ ਦਿਸ਼ਾ ਵੱਲ ਵਧ ਰਹੀ ਹੈ। ਪਤੰਜਲੀ ਦੇ ਬੁਲਾਰੇ ਨੇ ਕਿਹਾ, ‘ਸਾਡੀ ਕੋਸ਼ਿਸ਼ ਹੈ ਕਿ ਬਾਜ਼ਾਰ ਵਿਚ ਹੋ ਰਹੇ ਉਤਰਾਅ-ਚੜ੍ਹਾਅ ਤੋਂ ਬਚਿਆ ਜਾਵੇ ਪਰ ਜੇ ਬਾਜ਼ਾਰ ਦੇ ਹਾਲਾਤ ਇਸ ਨੂੰ ਮਜਬੂਰ ਕਰਦੇ ਹਨ ਤਾਂ ਅਸੀਂ ਇਸ ਬਾਰੇ ਅੰਤਮ ਫੈਸਲਾ ਲਵਾਂਗੇ।’