ਫ਼ਤਹਿਗੜ੍ਹ ਸਾਹਿਬ-4 ਨਵੰਬਰ (ਹਰਪਾਲ ਸਿੰਘ ਸਲਾਣਾ ਗੁਰਪਾਲ ਸਿੰਘ ਸਲਾਣਾ)ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਸ਼ਮਸ਼ੇਰ ਨਗਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸਾਨ ਬਿਕਰਮਜੀਤ ਸਿੰਘ ਦੇ ਖੇਤ ਵਿੱਚ ਰੋਟਰੀ ਸੀਡ ਡਰਿੱਲ ਨੂੰ ਚਲਾ ਕੇ ਪ੍ਰਦਰਸ਼ਨੀ ਦਿਖਾਈ ਗਈ।ਇਹ ਜਾਣਕਾਰੀ ਦਿੰਦਿਆਂ ਡਾ਼ ਸੁਰਜੀਤ ਸਿੰਘ ਵਾਲੀਆ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਹੀ ਮਿਲਾਉਣ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰੀ ਨੁਕੜ ਮੀਟਿੰਗਾਂ ਤੇ ਕੈਂਪਾਂ ਰਾਹੀ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਚ ਰਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਸੱਦੋਮਾਜਰਾ ਦੇ ਕਿਸਾਨ ਬਿਕਰਮਜੀਤ ਸਿੰਘ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਸ ਕਿਸਾਨ ਨੇ ਪਿਛਲੇ ਪੰਜ ਸਾਲਾਂ ਤੋਂ ਨਾੜ ਨੂੰ ਅੱਗ ਨਹੀ ਲਗਾਈ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਮੀਨ ਦਾ ਜੈਵਿਕ ਮਾਦਾ ਵੱਧਦਾ ਹੈ ਅਤੇ ਖਾਦਾਂ ਦੇ ਖਰਚੇ ਵੀ ਘੱਟਦੇ ਹਨ।ਡਾ਼ ਵਾਲੀਆ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸੁਪਰ ਸੀਡਰ ਤੇ ਹੈਪੀ ਸੀਡਰ ਦੀਆਂ ਪ੍ਰਦਰਸ਼ਨੀਆਂ ਦਿਖਾ ਕੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸੀਜਨ ਦੌਰਾਨ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਜਮੀਨ ਦੀ ਕਿਸਮ ਅਨੁਸਾਰ ਸੰਦਾਂ ਦੀ ਵਰਤੋ ਕੀਤੀ ਜਾਵੇ ਤਾਂ ਜੋ ਕਣਕ ਵੀ ਬਿਜਾਈ ਸਮੇਂ ਅਤੇ ਬਿਜਾਈ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਕਿਸਾਨਾਂ ਨਾਲ ਕਣਕ ਵਿੱਚ ਨਦੀਨ ਪ੍ਰਬੰਧਨ ਸਬੰਧੀ ਨੁਕਤੇ ਵੀ ਸਾਂਝੇ ਕੀਤੇ।ਡਾ਼ ਵਾਲੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕਣਕ ਦੀਆਂ ਕਿਸਮਾਂ ਹੀ ਬੀਜਣ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਬਲਾਕ ਦਫਤਰਾਂ ਵਿਖੇ ਕਣਕ ਦਾ ਬੀਜ ਉਪਲਬੱਧ ਹੈ। ਜਿਥੋਂ ਕਿਸਾਨ ਇਹ ਬੀਜ ਪ੍ਰਾਪਤ ਕਰ ਸਕਦੇ ਹਨ। ਕਿਸਾਨ ਬਿਕਰਮਜੀਤ ਸਿੰਘ ਨੇ ਦੂਜੇ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਮਿਲਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਾ਼ ਹਰਮਨਜੀਤ ਸਿੰਘ, ਡਾ਼ ਜਤਿੰਦਰ ਸਿੰਘ ਅਤੇ ਪਿੰਡ ਦੇ ਉੱਘੇ ਕਿਸਾਨ ਹਾਜਰ ਸਨ।