ਫ਼ਤਹਿਗੜ੍ਹ ਸਾਹਿਬ (ਹਰਪਾਲ ਸਿੰਘ ਸਲਾਣਾ ਗੁਰਪਾਲ ਸਿੰਘ ਸਲਾਣਾ)
ਕੋਵਿਡ-19 ਦੇ ਕੇਸਾਂ ਵਿੱਚ ਭਾਵੇਂ ਪਹਿਲਾਂ ਨਾਲੋਂ ਜਿਆਦਾ ਕਮੀਂ ਆਈ ਹੈ ਪ੍ਰੰਤੂ ਇਸ ਖ਼ਤਰਨਾਕ ਮਹਾਂਮਾਰੀ ਦੇ ਦੂਸਰੇ ਹਮਲੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਦਿੱਲੀ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ, ਜੇਕਰ ਅਸੀਂ ਸਿਹਤ ਵਿਭਾਗ ਵੱਲੋਂ ਦਰਸਾਈਆਂ ਸਾਵਧਾਨੀਆਂ ਅਪਣਾਉਣ ਤੋਂ ਅਵੇਸਲੇ ਹੋਏ ਤਾਂ ਇਹ ਬਿਮਾਰੀ ਮੁੜ ਸਾਡੇ ਵੀ ਆ ਸਕਦੀ ਹੈ। ਇਸ ਲਈ ਇਸ ਘਾਤਕ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਸਾਨੂੰ ਨਿਰੰਤਰ ਅਪਣਾਉਣੀਆਂ ਪੈਣਗੀਆਂ। ਜਿ਼ਲ੍ਹੇ ਦੇ ਸਕੂਲਾਂ ਵਿੱਚ 27 ਹਜ਼ਾਰ ਮਾਸਕ ਵੰਡੇ ਜਾਣਗੇ ਤਾਂ ਜੋ ਵਿਦਿਆਰਥੀ ਇਸ ਮਹਾਂਮਾਰੀ ਤੋਂ ਬਚੇ ਰਹਿ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਚਲਾਏ ਗਏ ਮਿਸ਼ਨ ਫ਼ਤਹਿ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ ਅਤੇ ਹੁਣ ਕੋਰੋਨਾ ਦੇ ਕੇਸਾਂ ਵਿੱਚ ਕਾਫੀ ਕਮੀਂ ਆਈ ਹੈ। ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਵਿਡ-19 ਤੋਂ ਬਚਾਅ ਲਈ ਉਨ੍ਹਾਂ ਥਾਵਾਂ ’ਤੇ ਜਾਣ ਤੋਂ ਗੁਰੇਜ ਕਰਨ ਜਿਥੇ ਇਕੱਠ ਹੋਵੇ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਿਸ ਵਿਅਕਤੀ ਤੋਂ ਸਾਨੂੰ ਇਸ ਮਹਾਂਮਾਰੀ ਦਾ ਪ੍ਰਕੋਪ ਝੱਲਣਾ ਪੈ ਜਾਵੇ। ਸ਼੍ਰੀਮਤੀ ਗਿੱਲ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮੌਸਮ ਦੇ ਬਦਲਣ ਨਾਲ ਡੇਂਗੂ ਫੈਲਣ ਦਾ ਡਰ ਵੀ ਬਣਿਆਂ ਹੋਇਆ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਤਰ ਨਾ ਹੋਣ ਦੇਣ ਅਤੇ ਆਪਣੇ ਘਰਾਂ ਦੇ ਕੂਲਰਾਂ ਦਾ ਪਾਣੀ ਸੁਕਾ ਕੇ ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ ਹਰੇਕ ਸ਼ੁਕਰਵਾਰ ਨੂੰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਜ਼ਮੀਨ ਵਿੱਚ ਰਲਾਉਣ ਕਿਉਂਕਿ ਅਜਿਹਾ ਕਰਕੇ ਜਿਥੇ ਖੇਤੀ ਖਰਚੇ ਘਟਾਏ ਜਾ ਸਕਦੇ ਹਨ ਉਥੇ ਵਾਤਾਵਰਣ ਦੀ ਸ਼ੁੱਧਤਾ ਵੀ ਬਰਕਰਾਰ ਰੱਖੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਕਿਸਾਨਾਂ ਦਾ ਆਪਣਾ ਨੁਕਸਾਨ ਵੱਧ ਹੁੰਦਾ ਹੈ ਉਥੇ ਹੀ ਇਸ ਦਾ ਮਨੁੱਖੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਕਈ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ।
